
ਪਠਾਨਕੋਟ 26 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਬਮਿਆਲ ਸੈਕਟਰ ‘ਚ ਸ਼ਨੀਵਾਰ ਸਵੇਰੇ ਇੱਕ ਪਾਕਿਸਤਾਨੀ ਕਬੂਤਰ ਨੂੰ ਫੜਿਆ ਗਿਆ ਹੈ। ਪਠਾਨਕੋਟ ਜ਼ਿਲ੍ਹਾ ਲੰਬੇ ਸਮੇਂ ਤੋਂ ਪਾਕਿਸਤਾਨੀ ਅੱਤਵਾਦੀਆਂ ਦਾ ਨਿਸ਼ਾਨਾ ਰਿਹਾ ਹੈ। ਸਿਆਲਕੋਟ ਵਿੱਚ ਪਾਕਿਸਤਾਨੀ ਕਬੂਤਰ ‘ਤੇ ਮੋਹਰ ਲੱਗੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਐਸਐਫ ਨੇ ਇਹ ਕਾਰਵਾਈ ਕੀਤੀ ਹੈ।

ਬੁੱਧਵਾਰ ਰਾਤ ਨੂੰ ਵੀ ਇਸ਼ ਤਰ੍ਹਾਂ ਦੀ ਘਟਨਾ ਵਾਪਰੀ ਸੀ। ਗਸ਼ਤ ਦੌਰਾਨ ਬੀਐਸਐਫ ਨੇ ਟਿੰਡਾ ਫਾਰਵਰਡ ਪੋਸਟ ਨੇੜੇ ਪਾਕਿਸਤਾਨ ਤੋਂ ਆ ਰਹੇ ਲਾਈਟ ਵਾਲੇ ਗੁਬਾਰੇ ਫੜੇ। ਸ਼ਨੀਵਾਰ ਨੂੰ ਹੋਈ ਇਸ ਘਟਨਾ ਸਬੰਧੀ ਪਠਾਨਕੋਟ ਦੇ ਐਸਪੀ ਆਪ੍ਰੇਸ਼ਨ ਹੇਮਪਸ਼ਪ ਸ਼ਰਮਾ ਨੇ ਦੱਸਿਆ ਕਿ ਇੱਕ ਕਬੂਤਰ ਵਾਰ-ਵਾਰ ਖੇਤਰ ਵਿੱਚ ਚੱਕਰ ਕੱਟ ਰਿਹਾ ਸੀ। ਇਹ ਦੇਖ ਕੇ ਬੀਐਸਐਫ ਦੇ ਜਵਾਨ ਚੌਕਸ ਹੋ ਗਏ ਅਤੇ ਉਨ੍ਹਾਂ ਨੇ ਉਸ ਨੂੰ ਫੜ ਲਿਆ। ਕਬੂਤਰ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਕਿਸਤਾਨ ਤੋਂ ਭੇਜਿਆ ਗਿਆ ਹੈ।

ਦੱਸ ਦਈਏ ਕਿ ਮੁਢਲੀ ਜਾਂਚ ਮੁਤਾਬਕ ਇਸ ਦੇ ਖੰਭ ‘ਤੇ ਸਿਆਲਕੋਟ ਗਰੁੱਪ ਦੇ ਨਾਂ ਦੀ ਮੁਹਰ ਲੱਗੀ ਸੀ। ਸੁਰੱਖਿਆ ਏਜੰਸੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਕਿ ਕਬੂਤਰ ਵਿਚ ਕੋਈ ਚਿੱਪ ਜਾਂ ਉਪਕਰਣ ਤਾਂ ਨਹੀਂ ਹੈ। ਕਬੂਤਰ ਨੂੰ ਸਕੈਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਬੂਤਰ ਦੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
