
ਮਾਨਸਾ, 2 ਦਸੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਫੌਜ ’ਚ ਭਰਤੀ ਕਰਨ ਲਈ ਭਾਰਤ ਸਰਕਾਰ ਵੱਲੋਂ ਫੌਜ ’ਚ ਭਰਤੀ ਰੈਲੀ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਸਬੰਧੀ ਆਨਲਾਈਨ ਅਰਜ਼ੀਆਂ ਦੀ ਮੰਗ 2 ਜੂਨ ਤੋਂ 16 ਜੁਲਾਈ 2020 ਤੱਕ ਕੀਤੀ ਗਈ ਸੀ ਅਤੇ ਇਸ ਸਮੇਂ ਦੌਰਾਨ ਜ਼ਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਫਾਰਮ ਅਪਲਾਈ ਕੀਤੇ ਸਨ, ਉਹ ਉਮੀਦਵਾਰ ਇਸ ਭਰਤੀ ਰੈਲੀ ’ਚ ਭਾਗ ਲੈ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਉਮੀਦਵਾਰਾਂ ਦੀ ਭਰਤੀ ਰੈਲੀ ਦਾ ਸ਼ਡਿਊਲ ਮਿਤੀ 7 ਫਰਵਰੀ ਤੋਂ 26 ਫਰਵਰੀ 2021 ਦੌਰਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਏ.ਡੀ.ਐੱਸ.ਆਰ. ਗਰਾਊਂਡ ਸਾਹਮਣੇ ਫਲਾਇੰਗ ਕਲੱਬ, ਪਟਿਆਲਾ-ਸੰਗਰੂਰ ਰੋਡ, ਪਟਿਆਲਾ ਵਿਖੇ ਹੋਵੇਗੀ।

ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਆਨਲਾਈਨ ਫਾਰਮ ਅਪਲਾਈ ਕਰ ਚੁੱਕੇ ਉਮੀਦਵਾਰਾਂ ਦੇ ਐਡਮਿਟ ਕਾਰਡ ਉਨ੍ਹਾਂ ਦੀਆਂ ਰਜ਼ਿਸਟਰਡ ਈ-ਮੇਲ ਆਈ.ਡੀ. ’ਤੇ ਭੇਜੇ ਜਾਣਗੇ। ਉਨ੍ਹਾਂ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਈ-ਮੇਲ ਆਈ.ਡੀਜ਼ ਨੂੰ ਰੈਗੂਲਰ ਚੈÎੱਕ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਇਸ ਭਰਤੀ ’ਚ ਸ਼ਾਮਿਲ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸਥਾਪਿਤ ਕੀਤੇ ਸੀ-ਪਾਈਟ ਕੇਂਦਰਾਂ ਵੱਲੋਂ ਫੌਜ ਦੀ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸੀ-ਪਾਈਟ ਲਈ ਚਾਹਵਾਨ ਉਮੀਦਵਾਰ ਸੀ-ਪਾਈਟ ਸੈਂਟਰ ਨਾਲ ਸੰਪਰਕ ਕਰਨ ਅਤੇ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ।
