08,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਹੈਲੀਕਾਪਟਰ ਹਾਦਸੇ ਦੀ ਘਟਨਾ ‘ਚ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ ਰਾਮਚੰਦਰਨ ਨੇ ਦਿੱਤੀ ਹੈ।ਤਾਮਿਲਨਾਡੂ ਦੇ ਊਟੀ ‘ਚ ਫੌਜ ਕ੍ਰੈਸ਼ ਹੋਏ ਹੈਲੀਕਾਪਟਰ ਵਿੱਚ ਸੀਡੀਐਸ ਬਿਪਿਨ ਰਾਵਤ, ਉਨ੍ਹਾਂ ਦਾ ਸਟਾਫ ਤੇ ਕੁਝ ਪਰਿਵਾਰਕ ਮੈਂਬਰ ਸਵਾਰ ਸਨ। ਇਸ ਦੀ ਪੁਸ਼ਟੀ ਭਾਰਤੀ ਹਵਾਈ ਫੌਜ ਨੇ ਕੀਤੀ ਹੈ।
ਉਧਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਭਵਨ ਪਹੁੰਚ ਗਏ ਹਨ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੰਸਦ ਪਹੁੰਚ ਕੇ ਹੈਲੀਕਾਪਟਰ ਹਾਦਸੇ ਸਬੰਧੀ ਬਿਆਨ ਦੇਣਗੇ। ਇਸ ਤੋਂ ਇਲਾਵਾ ਹਵਾਈ ਸੈਨਾ ਮੁਖੀ ਕੂਨੂਰ ਲਈ ਰਵਾਨਾ ਹੋ ਗਏ ਹਨ। ਤਾਮਿਲਨਾਡੂ ਦੇ ਜੰਗਲਾਤ ਮੰਤਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਅੱਠ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਖਬਰ ਏਜੰਸੀ ਮੁਤਾਬਕ ਤਾਮਿਲਨਾਡੂ ਦੇ ਕੂਨੂਰ ‘ਚ ਫੌਜ ਦਾ Mi-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿੱਚ CDS ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਇਸ ਹੈਲੀਕਾਪਟਰ ‘ਚ ਫੌਜ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁੱਲ 14 ਲੋਕ ਸਵਾਰ ਸਨ।
ਹੈਲੀਕਾਪਟਰ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਫੌਜ ਦਾ ਹੈਲੀਕਾਪਟਰ ਖਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋਇਆ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ। ਭਾਰਤੀ ਹਵਾਈ ਸੈਨਾ ਨੇ ਵੀ ਇਸ ਘਟਨਾ ‘ਤੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ ਕਿ ਜਨਰਲ ਰਾਵਤ ਇਸ ਹੈਲੀਕਾਪਟਰ ‘ਚ ਸਵਾਰ ਸਨ। ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ
ਹਾਦਸੇ ਤੋਂ ਬਾਅਦ ਹੈਲੀਕਾਪਟਰ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਹਵਾਈ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਘਟਨਾ ਸਥਾਨ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
‘ਏਬੀਪੀ ਨਿਊਜ਼’ ਮੁਤਾਬਕ ਫੌਜ ਦੇ ਇਸ ਹੈਲੀਕਾਪਟਰ ‘ਚ ਸਵਾਰ ਲੋਕਾਂ ਦੀ ਸੂਚੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਸੀਡੀਐਸ ਬਿਪਿਨ ਰਾਵਤ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਤੋਂ ਇਲਾਵਾ ਉਨ੍ਹਾਂ ਦੇ ਕਰਮਚਾਰੀ ਵੀ ਸ਼ਾਮਲ ਸਨ।
ਜਨਰਲ ਰਾਵਤ ਤੋਂ ਇਲਾਵਾ ਹੈਲੀਕਾਪਟਰ ‘ਚ ਸਵਾਰ ਲੋਕਾਂ ‘ਚ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਡਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਕੁਮਾਰ, ਵਿਵੇਕ ਕੁਮਾਰ, ਬੀ ਸਾਈਂ ਤੇਜਾ ਤੇ ਹੌਲਦਾਰ ਸਤਪਾਲ ਸ਼ਾਮਲ ਸਨ। Mi-17 ਹੈਲੀਕਾਪਟਰਾਂ ਦੀ ਵਰਤੋਂ ਆਵਾਜਾਈ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਫੌਜੀ ਅਧਿਕਾਰੀ ਇਸ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ।