ਚੰਡੀਗੜ੍ਹ 29,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਮੁੜ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਨੇ ਸਰਕਾਰੀ ਹੈਲੀਕਾਪਟਰ ਵਿੱਚ ਆਪਣੇ ਨਾਲ ਬੱਚਿਆਂ ਨੂੰ ਸਵਾਰੀ ਕਰਵਾਈ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਇਸ ਬਾਰੇ ਲੋਕ ਵੱਖ-ਵੱਖ ਰਾਏ ਦੇ ਰਹੇ ਹਨ।
ਦਰਅਸਲ ਮੁੱਖ ਮੰਤਰੀ ਚੰਨੀ ਨੇ ਐਤਵਾਰ ਨੂੰ ਮੋਰਿੰਡਾ ਵਿੱਚ ਸਰਕਾਰੀ ਹੈਲੀਕਾਪਟਰ ਵਿੱਚ ਆਪਣੇ ਨਾਲ ਬੱਚਿਆਂ ਨੂੰ ਸਵਾਰੀ ਕਰਨ ਲਈ ਬੁਲਾਇਆ। ਚੰਨੀ ਮੋਰਿੰਡਾ ਗਏ ਸਨ ਤੇ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਨੂੰ ਹੈਲੀਕਾਪਟਰ ਦੇ ਨੇੜੇ ਖੇਡਦੇ ਵੇਖਿਆ। ਇਸ ਮਗਰੋਂ ਉਨ੍ਹਾਂ ਨੇ ਬੱਚਿਆਂ ਨੂੰ ਹੈਲੀਕਾਪਟਰ ’ਤੇ ਝੂਟੇ ਲੈਣ ਲਈ ਬੁਲਾ ਲਿਆ।
ਚੰਨੀ ਨੇ ਟਵੀਟ ਕੀਤਾ, ‘‘ਮੋਰਿੰਡਾ ਦੀ ਯਾਤਰਾ ਦੌਰਾਨ ਮੈਂ ਕੁਝ ਬੱਚਿਆਂ ਨੂੰ ਹੈਲੀਕਾਪਟਰ ਨੇੜੇ ਖੇਡਦੇ ਵੇਖਿਆ। ਜਦੋਂ ਮੈਂ ਬੱਚਾ ਸੀ ਤਾਂ ਮੈਂ ਜਹਾਜ਼ ਦੇਖਿਆ ਕਰਦਾ ਸੀ ਤੇ ਸੋਚਦਾ ਸੀ ਕਿ ਕਦੇ ਮੈਂ ਵੀ ਉਸ ਵਿੱਚ ਬੈਠਾਂਗਾ। ਇਸ ਨੂੰ ਯਾਦ ਕਰਦਿਆਂ ਮੈਂ ਪਿੰਡ ਦੇ ਬੱਚਿਆਂ ਨੂੰ ਬੁਲਾਇਆ ਤੇ ਉਨ੍ਹਾਂ ਦਾ ਸੁਪਨਾ ਸਾਕਾਰ ਕੀਤਾ।’’
ਉਨ੍ਹਾਂ ਨੇ ਹੈਲੀਕਾਪਟਰ ਵਿੱਚ ਆਪਣੇ ਨਾਲ ਬੈਠੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝਾ ਕੀਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਕੇ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ, ਬਸ ਮਾਰਗਦਰਸ਼ਨ ਦੀ ਲੋੜ ਹੈ।