*ਫਿਰੋਜ਼ਪੁਰ ‘ਚ ਭਾਰੀ ਬਾਰਿਸ਼ ਕਾਰਨ ਪਾਣੀ ‘ਚ ਡੁੱਬੀ ਕਾਰ, ਅਬੋਹਰ ਤੇ ਫਰੀਦਕੋਟ ‘ਚ ਡੁੱਬੇ ਬਾਜ਼ਾਰ*

0
42

ਫਿਰੋਜ਼ਪੁਰ 12 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਫਿਰੋਜ਼ਪੁਰ ‘ਚ ਮੀਂਹ ਦੇ ਪਾਣੀ ‘ਚ ਕਾਰ ਡੁੱਬ ਗਈ ਹੈ। ਮਾਮਲਾ ਬਸਤੀ ਟੈਂਕਾਵਾਲੀ ਦਾ ਹੈ। ਕਾਰ ‘ਚ ਸਵਾਰ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਸ਼ਹਿਰ ਦੀ ਸਬਜ਼ੀ ਮੰਡੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਸ਼ੁੱਕਰਵਾਰ ਅੱਧੀ ਰਾਤ ਤੱਕ ਮੀਂਹ ਪਿਆ। ਸ਼ਹਿਰ ਦੀਆਂ ਗਲੀਆਂ ਪਾਣੀ ਵਿਚ ਡੁੱਬ ਗਈਆਂ ਹਨ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਵੀਰਵਾਰ ਰਾਤ ਤੋਂ ਸ਼ੁੱਕਰਵਾਰ ਦੁਪਹਿਰ ਤੱਕ ਪਏ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਬਸਤੀ ਟੈਂਕਾਵਾਲੀ ਦੇ ਪੁਲ ’ਤੇ ਬਰਸਾਤ ਦਾ ਪਾਣੀ ਭਰਨ ਕਾਰਨ ਕਾਰ ਡੁੱਬ ਗਈ। ਦੋ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਟਰੈਕਟਰ ਦੀ ਮਦਦ ਨਾਲ ਪੁਲ ‘ਚ ਭਰੇ ਪਾਣੀ ‘ਚੋਂ ਕਾਰ ਨੂੰ ਬਾਹਰ ਕੱਢਿਆ। ਪੁਲ ‘ਤੇ ਆਉਣ-ਜਾਣ ਦਾ ਰਸਤਾ ਬੰਦ ਕਰ ਦਿੱਤਾ ਗਿਆ ਸੀ। 

ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਪਾਣੀ ਵਿਚ ਡੁੱਬੀਆਂ ਸੜਕਾਂ  

ਅਬੋਹਰ ‘ਚ ਮੌਨਸੂਨ ਦੀ ਪਹਿਲੀ ਬਾਰਿਸ਼ ਦੁਪਹਿਰ 3 ਵਜੇ ਦੇ ਕਰੀਬ ਸ਼ੁਰੂ ਹੋਈ ,ਜੋ ਸ਼ੁੱਕਰਵਾਰ ਦੁਪਹਿਰ ਤੱਕ ਜਾਰੀ ਰਹੀ। ਇਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਜਲ-ਥਲ ਹੋ ਗਏ ਅਤੇ ਦੇਰ ਸ਼ਾਮ ਤੱਕ ਸੜਕਾਂ ’ਤੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਮੀਂਹ ਕਾਰਨ ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਐਸਡੀਐਮ ਆਕਾਸ਼ ਬਾਂਸਲ ਨੇ ਪਾਣੀ ਦੀ ਨਿਕਾਸੀ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜਲ ਤੇ ਸੀਵਰੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਸੜਕਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਕਰਵਾਈ ਜਾਵੇ। ਐਸਡੀਐਮ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਓਧਰ ਫਰੀਦਕੋਟ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਮਾਨਸੂਨ ਸੀਜ਼ਨ ਦੀ ਪਹਿਲੀ ਬਾਰਿਸ਼ ਹੋਈ। ਜ਼ਿਲ੍ਹੇ ਵਿੱਚ 99.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਂਹ ਕਾਰਨ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਨਾਲ ਹੀ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੀਂਹ ਕਾਰਨ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰ ਦੀਆਂ ਸਾਰੀਆਂ ਸੜਕਾਂ ‘ਤੇ ਕਈ-ਕਈ ਫੁੱਟ ਪਾਣੀ ਭਰ ਗਿਆ

LEAVE A REPLY

Please enter your comment!
Please enter your name here