
ਮਾਨਸਾ 15 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਫਾਰਮੇਸੀ ਆਫੀਸਰਜ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਾਰਜਕਾਰਨੀ ਦੀ ਅਤਿ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਨਰਿੰਦਰ ਮੋਹਣ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸਦੀ ਜਾਣਕਾਰੀ ਜਿਲਾ ਮਾਨਸਾ ਦੇ ਪ੍ਰਧਾਨ ਰਾਕੇਸ਼ ਕੁਮਾਰ ਬਾਂਸਲ ਅਤੇ ਸਕੱਤਰ ਚੰਦਰਕਾਂਤ ਬਾਂਸਲ ਨੇ ਦਿੰਦਿਆਂ ਦੱਸਿਆ ਕਿ ਪਿਛਲੇ ਲਗਾਤਾਰ 8 ਮਹੀਨਿਆਂ ਤੋ ਸਰਕਾਰ ਵੱਲੋਂ ਬਹੁਤ ਜ਼ਰੂਰੀ ਮੰਗਾਂ ਵੱਲ ਵੀ ਕੋਈ ਧਿਆਨ ਨਹੀ ਦਿੱਤਾ ਗਿਆ, ਜੋ ਕਿ ਜਿੱਥੇ ਫਾਰਮੇਸੀ ਵਰਗ ਲਈ ਜਰੂਰੀ ਹਨ। ਉਸ ਤੋ ਵੀ ਜਿਆਦਾ ਲੋਕ ਹਿੱਤ ਵਿੱਚ ਪੂਰੀਆ ਕਰਨੀਆਂ ਚਾਹੀਦੀਆਂ ਹਨ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਵਧੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਦਿੱਤੀਆ ਜਾ ਸਕਦੀਆ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਲੱਗਭੱਗ 520 ਅਤੇ ਡੀ ਆਰ ਐਮ ਈ ਦੀਆਂ ਲੱਗਭੱਗ 35 ਖਾਲੀ ਪੋਸਟਾਂ ਰੂਲਾਂ ਵਿੱਚ ਦਰਜ ਵਿੱਦਿਅਕ ਯੋਗਤਾ ਅਨੁਸਾਰ ਭਰਨ ਦੀ ਮੰਗ ਕੀਤੀ। ਉੱਥੇ ਹੀ ਪਿਛਲੇ ਸਮੇਂ ਦਵਾਈਆਂ, ਮਰੀਜਾਂ, ਨਵੀਆਂ ਸਕੀਮਾਂ, ਬਿਮਾਰੀਆਂ ਅਤੇ ਡਾਕਟਰਾਂ ਦੀਆਂ ਪੋਸਟਾਂ ਵਿੱਚ ਭਾਰੀ ਵਾਧਾ ਹੋਇਆ, ਪਰ ਫਾਰਮੇਸੀ ਅਫਸਰਾਂ ਦੀਆਂ ਪੋਸਟਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਉਹਨਾਂ ਮੰਗ ਕੀਤੀ ਕਿ ਜਿਲਿਆਂ ਵੱਲੋ ਭੇਜੀਆਂ ਪਰਪੋਜਲਾਂ ਅਨੁਸਾਰ ਪੋਸਟਾਂ ਵਿੱਚ ਵਾਧਾ ਕਰਨ, ਅਮਰਨਾਥ ਯਾਤਰਾ ਸਬੰਧੀ ਦਿੱਤੇ ਸੁਝਾਆ, ਜੇਲ ਡਿਊਟੀ ਦੌਰਾਨ ਆਉਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਵਿਭਾਗ ਵੱਲੋਂ ਅਸਾਮੀਆਂ ਦੀ ਰਚਨਾ ਸਬੰਧੀ ਕੀਤੀ ਸਿਫਾਰਸ਼ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਫਾਰਮੇਸੀ ਵਰਗ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਨਿੱਜੀਕਰਨ ਕਰਕੇ ਸਿਰਫ ਆਪਣੇ ਵਰਗ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਹਿਕਮੇ ਅੰਦਰ ਸਿਰਫ ਲੀਪਾਪੋਚੀ ਹੀ ਕੀਤੀ ਜਾ ਰਹੀ ਹੈ ਜਦੋਂ ਕਿ ਅਸਲੀਅਤ ਕੋਹਾਂ ਦੂਰ ਹੈ। ਐਨ ਐਚ ਐਮ ਸਿਹਤ ਵਿਭਾਗ, ਜਿਲਾ ਪ੍ਰੀਸ਼ਦ ਅਤੇ ਈ ਐਸ ਆਈ ਅਧੀਨ ਲੰਮੇ ਅਰਸੇ ਤੋ ਠੇਕੇ ਤੇ ਕੰਮ ਕਰਦੇ ਫਾਰਮੇਸੀ ਅਫਸਰਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ। ਨਵੇਂ ਭਰਤੀ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਯੋਗਤਾ ਅਨੁਸਾਰ ਪੇ ਸਕੇਲ ਕੇਂਦਰੀ ਪੈਟਰਨ ਤੇ ਪੂਰਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ।
