*ਫਾਜ਼ਿਲਕਾ ਪੁਲਿਸ ਵੱਲੋਂ 36.9 ਕਿਲੋ ਹੈਰੋਇਨ ਬਰਾਮਦ ,ਚਾਰ ਨਸ਼ਾ ਤਸਕਰ ਕਾਬੂ*

0
6

(ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਫਾਜ਼ਿਲਕਾ ਦੇ ਪਿੰਡ ਲਾਲੋ ਵਾਲੀ ਦੇ ਇਲਾਕੇ ‘ਚੋਂ 35 ਪੈਕੇਟ ਹੈਰੋਇਨ, ਜਿਸ ਦਾ ਵਜ਼ਨ 36.9 ਕਿਲੋ ਹੈ, ਬਰਾਮਦ ਕਰਕੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ, ਜਸਪਾਲ ਸਿੰਘ ਉਰਫ਼ ਗੋਪੀ, ਸੁਖਦੇਵ ਸਿੰਘ ਅਤੇ ਦਿਆਲਵਿੰਦਰ ਸਿੰਘ ਸਾਰੇ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਦੋ ਸੀਡੈਨ ਕਾਰਾਂ, ਜਿਹਨਾਂ ਵਿੱਚ ਚਿੱਟੇ ਰੰਗ ਦੀ ਹੁੰਡਈ ਐਲਾਂਟਰਾ (ਪੀਬੀ-02-ਡੀਪੀ-0717) ਅਤੇ ਇੱਕ ਸਿਲਵਰ ਹੌਂਡਾ ਸਿਵਿਕ (ਪੀਬੀ-63-ਡੀ-2370) ਸ਼ਾਮਲ ਹਨ, ਵੀ ਬਰਾਮਦ ਕੀਤੀਆਂ ਹਨ ਜਿਹਨਾਂ ਦੀ ਵਰਤੋਂ ਰਾਜਸਥਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕੀਤੀ ਗਈ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਆਮਦ ਬਾਰੇ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਲਾਲੋ ਵਾਲੀ ਦੇ ਇਲਾਕੇ ਵਿੱਚ ਨਹਿਰੀ ਪੁਲ ਨੇੜੇ ਮੁਹਿੰਮ ਚਲਾਈ, ਜਿੱਥੇ ਇਹ ਚਾਰ ਵਿਅਕਤੀ ਆਪਣੀ ਕਾਰ ਵਿੱਚ ਬੈਠ ਹੋਏ ਕਿਸੇ ਵਿਅਕਤੀ ਦੀ ਉਡੀਕ ਕਰ ਰਹੇ ਸਨ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ 24.295 ਕਿਲੋਗ੍ਰਾਮ ਹੈਰੋਇਨ ਦੇ 23 ਪੈਕਟ ਬਰਾਮਦ ਕੀਤੇ ਹਨ, ਜੋ ਕਿ ਐਲਾਂਟਰਾ ਕਾਰ ਦੀਆਂ ਖਿੜਕੀਆਂ ਦੀ ਗੱਤੇ ਦੀ ਚਾਦਰ ਵਿੱਚ ਵਿੱਚ ਲੁਕਾ ਕੇ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਫੜੇ ਗਏ ਨਸ਼ਾ ਤਸਕਰਾਂ ਵੱਲੋਂ ਦੱਸੇ ਗਏ ਟਿਕਾਣੇ ਤੋਂ 12.620 ਕਿਲੋਗ੍ਰਾਮ ਹੈਰੋਇਨ ਦੇ 12 ਹੋਰ ਪੈਕੇਟ ਵੀ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਅਨੁਸਾਰ, ਮੁਲਜ਼ਮ ਰਾਜਸਥਾਨ ਤੋਂ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ।ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਗਿਰੋਹ ਵਿੱਚ ਸ਼ਾਮਲ ਹੋਰ ਲੋਕਾਂ ਅਤੇ ਪੰਜਾਬ ਨਾਲ ਸਬੰਧਤ ਵਿਅਕਤੀ, ਜਿਸ ਵੱਲੋਂ ਇਹ ਖੇਪ ਮੰਗਵਾਈ ਗਈ ਸੀ, ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21(ਸੀ), 23, 29 ਤਹਿਤ ਐੱਫ.ਆਈ.ਆਰ ਨੰਬਰ 58 ਮਿਤੀ 12.04.2023 ਦਰਜ ਕੀਤੀ ਗਈ ਹੈ।Published at : 12 Apr 2023 07:50 PM (IST)

LEAVE A REPLY

Please enter your comment!
Please enter your name here