
ਚੰਡੀਗੜ੍ਹ, 22 ਜੂਨ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਭਾਰਤੀ ਹਵਾਈ ਸੈਨਾ ਵਿੱਚ ਬਤੌਰ ਫ਼ਲਾਇੰਗ ਅਫ਼ਸਰ ਚੁਣੀ ਗਈ ਜ਼ਿਲ੍ਹਾ ਰੂਪਨਗਰ ਦੇ ਪਿੰਡ ਹੁਸੈਨਪੁਰ ਦੀ ਧੀ ਇਵਰਾਜ ਕੌਰ ਦਾ ਪੰਜਾਬ ਪੁੱਜਣ ‘ਤੇ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਆਪਣੀ ਸਥਾਨਕ ਸਰਕਾਰੀ ਰਿਹਾਇਸ਼ ਵਿਖੇ ਪੁੱਜਣ ‘ਤੇ ਇਵਰਾਜ ਕੌਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਵਰਾਜ ਕੌਰ ਦੀ ਇਹ ਪ੍ਰਾਪਤੀ ਸੂਬੇ ਦੀਆਂ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਇਸ ਮੌਕੇ ਇਵਰਾਜ ਕੌਰ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਾਬਕਾ ਵਿਧਾਇਕ ਸ. ਅਮਰਜੀਤ ਸਿੰਘ ਸੰਦੋਆ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਹੁਸੈਨਪੁਰ ਅਤੇ ਸਰਪੰਚ ਸ਼ਮਿੰਦਰ ਕੌਰ ਵੀ ਮੌਜੂਦ ਰਹੇ।
ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਵਰਾਜ ਕੌਰ ਦਾ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਚੁਣਿਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਵਿਦੇਸ਼ਾਂ ਵਿੱਚ ਜਾਣ ਦਾ ਮਨ ਬਣਾਈ ਬੈਠੇ ਨੌਜਵਾਨਾਂ ਲਈ ਰਾਹ-ਦਸੇਰਾ ਹੈ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਸਪੀਕਰ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਮਿਹਨਤ ਕਰਨ ਅਤੇ ਇਵਰਾਜ ਕੌਰ ਵਾਂਗ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਇਵਰਾਜ ਕੌਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ।
ਦੱਸ ਦੇਈਏ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀ ਸਾਬਕਾ ਵਿਦਿਆਰਥਣ ਇਵਰਾਜ ਕੌਰ ਨੇ ਏਅਰ ਫੋਰਸ ਅਕੈਡਮੀ, ਡੰਡੀਗਲ (ਹੈਦਰਾਬਾਦ) ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ ਜਿਸ ਪਿੱਛੋਂ ਉਸ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਇਵਰਾਜ ਕੌਰ, ਜੋ ਫਲਾਇੰਗ ਬ੍ਰਾਂਚ ਵਿੱਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ, ਜ਼ਿਲ੍ਹਾ ਰੂਪਨਗਰ ਦੇ ਕਿਸਾਨ ਸ. ਜਸਪ੍ਰੀਤ ਸਿੰਘ ਦੀ ਧੀ ਹੈ।
