*ਫਲ ਮੰਡੀਆਂ ਵਿੱਚ ਜਲਦ ਬਣਾਏ ਜਾਣਗੇ ਰਾਈਪਨਿੰਗ ਚੈਂਬਰ: ਮੁੱਖ ਸਕੱਤਰ*

0
26

ਚੰਡੀਗੜ੍ਹ, 28 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਵਸਨੀਕਾਂ ਨੂੰ ਮਿਲਾਵਟ ਰਹਿਤ ਸਿਹਤਮੰਦ ਭੋਜਨ ਅਤੇ ਖੁਰਾਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਫਲ ਮੰਡੀਆਂ ਵਿਚ ਆਰਟੀਫੀਸ਼ਲ ਰਾਈਪਨਿੰਗ ਚੈਂਬਰ(ਮਸਨੂਈ ਢੰਗ ਨਾਲ ਫਲ ਪਕਾਉਣ ਵਾਲਾ ਚੈਂਬਰ) ਸਥਾਪਿਤ ਕਰਨ, ਖਾਣਿਆਂ ਵਿਚ ਮਿਲਾਵਟਖੋਰੀ ਖਿ਼ਲਾਫ਼ ਕਈ ਢੁਕਵੇਂ ਉਪਾਅ ਕਰਨ ਅਤੇ ਸ਼ੁਰੂ ਤੋਂ ਹੀ ਬੱਚਿਆਂ ਦੀ ਖੁਰਾਕ ਵਿੱਚ ਚੀਨੀ, ਨਮਕ ਅਤੇ ਤੇਲ ਦੀ ਕਟੌਤੀ ਕਰਨ ਸਬੰਧੀ ਐਲਾਨ ਕੀਤਾ।

ਸ੍ਰੀਮਤੀ ਮਹਾਜਨ ਇੱਥੇ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਬਾਰੇ ਸਲਾਹਕਾਰ ਕਮੇਟੀ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਉਹਨਾਂ ਨੇ ਖੁਰਾਕ ਅਤੇ ਡਰੱਗਜ਼ ਪ੍ਰਬੰਧਨ (ਐਫ.ਡੀ.ਏ) ਨੂੰ ਇੰਟੀਗਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ (ਆਈ.ਸੀ.ਡੀ.ਐਸ. / ਐਮਡੀਐਮ) ਅਧੀਨ ਬੱਚਿਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਖੁਰਾਕ ਮੁਹੱਈਆ ਕਰਵਾਉਣ ਲਈ ਇਸਤਰੀ ਅਤੇ ਬਾਲ ਵਿਕਾਸ, ਸਕੂਲ ਸਿੱਖਿਆ ਅਤੇ ਖੁਰਾਕ ਤੇ ਜਨਤਕ ਵੰਡ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਦੀਆਂ  ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਦਬੋਚਣ ਲਈ ਪੁਲਿਸ ਵਿਭਾਗ ਤੋਂ ਸਹਾਇਤਾ ਲੈਣ।

ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਸੁਝਾਅ ਦਿਤਾ ਕਿ ਭੋਜਨ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਫੜਨ ਲਈ ਖੁਫੀਆ ਵਿੰਗ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕੀਤੀ ਜਾਵੇ।

ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਨਾਲ ਫਲਾਂ ਨੂੰ ਨਕਲੀ ਢੰਗ ਨਾਲ ਪਕਾਉਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਸ੍ਰੀਮਤੀ ਮਹਾਜਨ ਨੇ ਰਾਜ ਦੀਆਂ ਫਲ ਮੰਡੀਆਂ ਵਿੱਚ ਆਰਟੀਫੀਸ਼ੀਅਲ ਰਾਈਪਨਿੰਗ ਚੈਂਬਰ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਅਤੇ ਸਬੰਧਤ ਵਿਭਾਗਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਵਿਕਸਤ ਕਰਨ ਅਤੇ ਫਲਾਂ ਦੀ ਵਿਕਰੀ ਅਤੇ ਖਰੀਦ ਵਿਚ ਸ਼ਾਮਲ ਵਿਅਕਤੀਆਂ ਨੂੰ ਅਜਿਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ।

ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ, ਰਾਜੀ. ਪੀ. ਸ਼੍ਰੀਵਾਸਤਵਾ ਨੇ ਦੱਸਿਆ ਕਿ  ਕੋਵਿਡ ਮਹਾਂਮਾਰੀ ਕਾਰਨ ਆਂਗਣਵਾੜੀ ਕੇਂਦਰ ਬੰਦ ਪਏ ਹਨ ਇਸ ਲਈ ਵਿਭਾਗ ਵਲੋਂ ਲਾਭਪਾਤਰੀਆਂ ਨੂੰ ਘਰ-ਘਰ ਜਾਕੇ ਸੁੱਕੇ ਖਾਧ ਪਦਾਰਥ ਵੰਡੇ ਜਾ ਰਹੇ ਹਨ। ਜਦ ਕਿ ਫੀਲਡ ਸਟਾਫ ਵਿਭਾਗ ਲੋਕਾਂ ਨੂੰ ਖਾਣਾ ਪਕਾਉਣ ਵੇਲੇ ਘੱਟ ਚੀਨੀ, ਨਮਕ ਅਤੇ ਤੇਲ ਦੀ ਵਰਤੋਂ ਕਰਨ ਲਈ ਵੀ ਜਾਗਰੂਕ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਖੁਰਾਕ ਤੇ ਡਰੱਗਜ਼ ਪ੍ਰਬੰਧਨ ਦੇ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਮੀਟਿੰਗ ਦੇ ਏਜੰਡੇ ਬਾਰੇ ਦੱਸਿਆ, ਜਿਸ ਵਿੱਚ ਫੂਡ ਬਿਜ਼ਨਸ ਓਪਰੇਟਰਾਂ ਦੀ ਰਜਿਸਟ੍ਰੇਸ਼ਨ / ਲਾਇਸੈਂਸ ਅਤੇ ਰਾਜ ਵਿੱਚ ਭੋਜਨ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਫੂਡ ਸੇਫਟੀ ਵਿੰਗ ਵੱਲੋਂ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਸ਼ਾਮਲ ਹਨ।    
ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਹੋਰ ਏਜੰਡੇ ਜਿਵੇਂ ਈਟ ਰਾਈਟ ਚੈਲੇਂਜ, ਜੋ ਕਿ ਦੋ ਜਿ਼ਿਲ੍ਹਆਂ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਚੱਲ ਰਿਹਾ ਹੈ, ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਉਹਨਾਂ ਫੂਡ ਸੇਫਟੀ ਵਿੰਗ ਵੱਲੋਂ ਸਾਲ 2020-21 ਵਿੱਚ ਸੂਬੇ ਦੇ ਵੱਖ ਵੱਖ ਜਿ਼ਲ੍ਹਿਆਂ ਵਿੱਚ ਭੋਜਨ ਸੁਰੱਖਿਆ ਹਿੱਤ ਚਲਾਈਆਂ ਵੱਖ ਵੱਖ ਗਤੀਵਿਧੀਆਂ ਅਤੇ ਮੁਹਿੰਮਾਂ ਦੀ ਸਮੇਂ-ਸਮੇਂ  ‘ਤੇ ਕੀਤੀ ਜਾ ਰਹੀ ਦੀ ਨਿਗਰਾਨੀ ਬਾਰੇ ਵੀ ਜਾਣੂ ਕਰਵਾਇਆ ।ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਖੁਰਾਕ ਸੁਰੱਖਿਆ ਸਿਖਲਾਈ ਅਤੇ ਪ੍ਰਮਾਣੀਕਰਣ ਵਰਗੀਆਂ ਗਤੀਵਿਧੀਆਂ ਵਿੱਚ ਰੁਕਾਵਟ ਆਈ ਹੈ, ਪਰ ਆਨਲਾਈਨ ਸਿਖਲਾਈ ਸੈਸ਼ਨ ਚਲਾਏ ਜਾ ਰਹੇ ਹਨ, ਜਿਹਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜੀ ਲਿਆਂਦੀ ਜਾਵੇਗੀ।

ਇਸ ਦੌਰਾਨ ਖੇਤੀਬਾੜੀ, ਬਾਗਬਾਨੀ, ਫੂਡ ਪ੍ਰੋਸੈਸਿੰਗ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਰੁਧ ਤਿਵਾੜੀ, ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਆਰ. ਐਨ. ਢੋਕੇ, ਪੰਜਾਬ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਵੀਰ ਸਿੰਘ, ਨੈਸਲੇ ਇੰਡੀਆ ਲਿਮਟਡ ਮੋਗਾ ਦੇ ਕਿਊ.ਏ ਮੈਨੇਜਰ ਰਘੂ ਵਕਿਆਲ ਅਤੇ ਲੈਬ, ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੇ ਡਾਇਰੈਕਟਰ ਰਵਨੀਤ ਕੌਰ ਸਿੱਧੂ ਅਤੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿਚ ਸ਼ਾਮਲ ਹੋਏ।—————–

LEAVE A REPLY

Please enter your comment!
Please enter your name here