
ਮਾਨਸਾ, 10 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੜ੍ਹਕੀ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਸੜ੍ਹਕ ਹਾਦਸਿਆਂ ਵਿਚ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਵਾਲੇ ਲੋਕਾਂ ਨੂੰ ਦੋ ਹਜ਼ਾਰ ਰੁਪਏ ਆਰਥਿਕ ਮਦਦ ਦੇ ਨਾਲ ਪ੍ਰਸ਼ੰਸ਼ਾ ਪੱਤਰ ਦਿੱਤਾ ਜਾਂਦਾ ਹੈ ਅਤੇ ਜ਼ਖਮੀਆਂ ਦਾ ਇਲਾਜ਼ ਵੀ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਰਿਸ਼ਤੇ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਵਿੱਚ 06 ਸਰਕਾਰੀ ਹਸਪਤਾਲ (ਸਿਵਲ ਹਸਪਤਾਲ ਮਾਨਸਾ, ਐੱਸ.ਡੀ.ਐਚ.ਸਰਦੂਲਗੜ੍ਹ ਅਤੇ ਬੁਢਲਾਡਾ, ਸੀ.ਐਚ.ਸੀ.ਝੁਨੀਰ, ਭੀਖੀ ਅਤੇ ਖਿਆਲਾ ਕਲਾਂ) ਅਤੇ 04 ਪ੍ਰਾਈਵੇਟ ਹਸਪਤਾਲ (ਪੰਕਜ ਨਰਸਿੰਗ ਹੋਮ ਮਾਨਸਾ, ਮਾਨਵ ਹਸਪਤਾਲ ਮਾਨਸਾ, ਜਿੰਦਲ ਆਰਥੋ ਹਸਪਤਾਲ ਮਾਨਸਾ, ਡਾ. ਪਵਨ ਹਸਪਤਾਲ) ਇੰਮਪੈਨਲਡ ਕੀਤੇ ਗਏ ਹਨ, ਜਿੱਥੇ ਕਿਸੇ ਵੀ ਸੜ੍ਹਕ ਹਾਦਸੇ ਦੇ ਮਰੀਜ਼ ਦਾ ਇਲਾਜ਼ ਮੁਫਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਦੁਰਘਟਨਾ ਪੀੜਤ ਵਿਅਕਤੀ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਕੀਤੀ ਗਈ ਦੇਰੀ ਸੜ੍ਹਕ ਹਾਦਸਿਆਂ ਵਿੱਚ ਜਖ਼ਮੀਆਂ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ। ਜ਼ਿਆਦਾਤਰ ਰਾਹਗੀਰ ਵੀ ਸੜ੍ਹਕ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ ਦੀ ਸਹਾਇਤਾ ਕਰਨ ਵਿੱਚ ਸੰਕੋਚ ਕਰਦੇ ਹਨ ਅਤੇ ਸੋਚਦੇ ਹਨ ਕਿ ਉਹ ਕਿਸੇ ਪੁਲਿਸ ਕੇਸ ਵਿੱਚ ਨਾ ਫਸ ਜਾਣ। ਇਸ ਲਈ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਕਿਸੇ ਵੀ ਸੜ੍ਹਕ ਹਾਦਸੇ ਦੇ ਵਿਅਕਤੀ ਨੂੰ ਹਸਪਤਾਲ ਵਿਚ ਲੈਕੇ ਆਉਣ ਵਾਲੇ ਵਿਅਕਤੀ ਤੋਂ ਪੁਲਿਸ ਵੱਲੋਂ ਕੋਈ ਪੁੱਛ ਗਿੱਛ ਨਹੀ ਕੀਤੀ ਜਾਵੇਗੀ, ਜਦੋਂ ਤੱਕ ਉਹ ਖੁੱਦ ਚਸ਼ਮਦੀਦ ਗਵਾਹ ਬਣਨ ਲਈ ਤਿਆਰ ਨਾ ਹੋਵੇ।
ਇਸ ਮੌਕੇ ਡਾ.ਬਲਜੀਤ ਕੌਰ ਡੀ.ਐਮ.ਸੀ. ਫਰਿਸ਼ਤੇ ਸਕੀਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਨੇ ਕਿਹਾ ਕਿ ਇਸ ਸਕੀਮ ਅਧੀਨ ਜਖਮੀ ਲੋਕਾਂ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ, ਚਾਹੇ ਉਹ ਪੰਜਾਬ ਦੇ ਵਸਨੀਕ ਨਾ ਵੀ ਹੋਣ ਜਾਂ ਚਾਹੇ ਉਨ੍ਹਾਂ ਦਾ ਕੋਈ ਬੀਮਾ ਕਾਰਡ ਵੀ ਨਾ ਬਣਿਆ ਹੋਵੇ।
