
ਫਗਵਾੜਾ 15 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਸਦਾਬਹਾਰ ਹੋ ਚੁੱਕੀ ਹੈ। ਪੁਲਿਸ ਅਤੇ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਜਦੋਂ ਸ਼ਹਿਰ ਵਿਚ ਚਾਰਜ ਸੰਭਾਲਦੇ ਹਨ ਤਾਂ ਉਹਨਾਂ ਵਲੋਂ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਦੇ ਹਵਾਈ ਦਾਅਵੇ ਜਰੂਰ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਕਦੇ ਵੀ ਜਮੀਨੀ ਹਕੀਕਤ ਵਿੱਚ ਤਬਦੀਲ ਨਹੀਂ ਹੁੰਦੇ। ਜਿੱਥੇ ਮੁੱਖ ਮਾਰਗਾਂ ਉੱਪਰ ਚੌਪਹੀਆ ਵਾਹਨ ਚਾਲਕ ਪਰੇਸ਼ਾਨ ਹੁੰਦੇ ਹਨ ਉੱਥੇ ਹੀ ਸ਼ਹਿਰ ਦੇ ਤੰਗ ਬਾਜਾਰਾਂ ਵਿਚ ਦੋ ਪਹੀਆ ਵਾਹਨ ਚਾਲਕਾਂ ਦਾ ਲੰਘਣਾਂ ਵੀ ਮੁਸ਼ਕਿਲ ਹੋ ਚੁੱਕਾ ਹੈ। ਗਊਸ਼ਾਲਾ ਬਜਾਰ, ਬਾਂਸਾਵਾਲਾ ਬਾਜਾਰ, ਸਿਨੇਮਾ ਰੋਡ, ਝਟਕਈਆਂ ਚੌਕ, ਗਾਂਧੀ ਚੌਕ, ਲੋਹਾ ਮੰਡੀ, ਗੁੜਮੰਡੀ ਆਦਿ ਵਿਚ ਦੁਕਾਨਦਾਰਾਂ ਵਲੋਂ ਪਹਿਲਾਂ ਹੀ ਤੰਗ ਸੜਕਾਂ ਦੇ ਦੋਵੇਂ ਪਾਸੇ ਸਜਾਏ ਆਪਣੇ ਸਮਾਨ ਨਾਲ ਰਸਤਾ ਹੋਰ ਵੀ ਤੰਗ ਹੋ ਜਾਂਦਾ ਹੈ। ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰ ਪਰੇਸ਼ਾਨ ਹੁੰਦੇ ਹਨ। ਦੁਕਾਨਾਂ ਉੱਪਰ ਮਾਲ ਲੋਡ ਜਾਂ ਅਨਲੋਡ ਕਰਨ ਵਾਲੇ ਵਾਹਨ ਵੀ ਟਰੈਫਿਕ ਵਿਚ ਵੱਡੀ ਰੁਕਾਵਟ ਬਣਦੇ ਹਨ। ਜੇਕਰ ਦੁਕਾਨਦਾਰ ਨੂੰ ਰਾਹਗੀਰਾਂ ਵਲੋਂ ਕੁੱਝ ਕਿਹਾ ਜਾਂਦਾ ਹੈ ਤਾਂ ਉਹ ਝਗੜਾ ਕਰਨ ਤੇ ਉਤਾਰੂ ਹੋ ਜਾਂਦੇ ਹਨ। ਸ਼ਹਿਰ ਵਾਸੀਆਂ ਨੇ ਹੀ ਨਹੀਂ ਸਗੋਂ ਇਹਨਾਂ ਬਾਜਾਰਾਂ ਵਿਚ ਪਿੰਡਾਂ ਤੋਂ ਖਰੀਦਦਾਰੀ ਲਈ ਆਉਣ ਵਾਲੇ ਰਾਹਗੀਰਾਂ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਟਰੈਫਿਕ ਦੀ ਇਸ ਵਿਕਰਾਲ ਸਮੱਸਿਆ ਨੂੰ ਦੂਰ ਕਰਨ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
