*ਫਗਵਾੜਾ ਦੇ ਸਿਵਲ ਹਸਪਤਾਲ ‘ਚ ਡਾਕਟਰ ਦੀ ਕੁੱਟਮਾਰ, ਸਟਾਫ਼ ਵੱਲੋਂ ਧਰਨਾ ਪ੍ਰਦਰਸ਼ਨ ਕਰ ਕੀਤੀ ਗਈ ਨਾਅਰੇਬਾਜ਼ੀ*

0
38

ਕਪੂਰਥਲਾ (ਸਾਰਾ ਯਹਾਂ/ਬਿਊਰੋ ਨਿਊਜ਼ )  : ਫਗਵਾੜਾ ਦੇ ਸਿਵਲ ਹਸਪਤਾਲ ‘ਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਕੁਝ ਲੋਕਾਂ ਨੇ ਉਥੋਂ ਦੇ ਡਾਕਟਰ ਦੀ ਕੁੱਟਮਾਰ ਕਰ ਦਿੱਤੀ। ਇਹ ਲੋਕ ਟ੍ਰੇਨ ਹਾਦਸੇ ‘ਚ ਜ਼ਖਮੀ ਵਿਅਕਤੀ ਦੀ ਮੌਤ ਤੋਂ ਨਾਰਾਜ਼ ਸੀ। ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਹਸਪਤਾਲ ‘ਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਡਾਕਟਰ ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਉਸ ਦੀ ਰਾਤ ਦੀ ਸ਼ਿਫਟ ਸੀ ਤੇ ਸਵੇਰੇ ਕਰੀਬ 8 ਵਜੇ ਦੇ ਦਰਮਿਆਨ ਟ੍ਰੇਨ ਦੀ ਫੇਟ ਵੱਜਣ ਨਾਲ ਬੂਰੀ ਤਰ੍ਹਾਂ ਨਾਲ ਜ਼ਖਮੀ ਨੌਜਵਾਨ ਨੂੰ ਕੱਝ ਵਿਅਕਤੀ ਹਸਪਤਾਲ ਲੈ ਕੇ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਮਰੀਜ਼ ਦੀ ਹਾਲਤ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਉਨਾਂ ਦੇ ਮਰੀਜ ਦੀ ਹਾਲਤ ਬਹੁਤ ਨਾਜ਼ਕ ਹੈ। ਉਸ ਨੂੰ ਹਾਇਰ ਸੈਂਟਰ ਲੈ ਜਾਓ। 

ਉਨਾਂ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਹ ਮਰੀਜ਼ ਦੇ ਟਾਂਕੇ ਲਗਾ ਰਿਹਾ ਸੀ ਤਾਂ ਮਰੀਜ਼ ਦੀ ਮੌਤ ਹੋ ਗਈ। ਜਿਸ ਨੂੰ ਉਨਾਂ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਉਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਡਿਊਟੀ ‘ਤੇ ਕੁੱਟਮਾਰ ਕੀਤੀ ਗਈ।

ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਨੈਯਣ ਜੱਸਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਸਟਾਫ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰਕੁੱਟ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹੀ ਧਰਨਾ ਚੁਕਿਆ ਗਿਆ ਹੈ।

LEAVE A REPLY

Please enter your comment!
Please enter your name here