ਫਗਵਾੜਾ 15 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਵਲੋਂ 15 ਤੋਂ 23 ਅਕਤੂਬਰ ਤੱਕ ਸਿਟੀ ਪੈਲੇਸ, ਨੇੜੇ ਕਮਲਾ ਨਹਿਰੂ ਕਾਲਜ ਫਗਵਾੜਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਕਥਾ ਨੂੰ ਸਮਰਪਿਤ ਵਿਸ਼ਾਲ ਕਲਸ਼ ਯਾਤਰਾ ਸੋਮਵਾਰ ਦੀ ਸ਼ਾਮ ਨੂੰ ਸ਼੍ਰੀ ਮੌਨੀ ਬਾਬਾ ਮੰਦਿਰ, ਪੁਰਾਣੀ ਦਾਣਾ ਮੰਡੀ ਤੋਂ ਸਜਾਈ ਗਈ। ਜੋ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਕਥਾ ਸਥਲ ਸਿਟੀ ਪੈਲੇਸ ਵਿਖੇ ਸਮਾਪਤ ਹੋਈ। ਇਸ ਕਲਸ਼ ਯਾਤਰਾ ਵਿਚ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਿਰਾਂ ’ਤੇ ਕਲਸ਼ ਰੱਖ ਕੇ ਯਾਤਰਾ ਦੀ ਅਗਵਾਈ ਕੀਤੀ। ਇਸ ਦੌਰਾਨ ਜਗਦਗੁਰੂ ਰਾਮਭਦਰਾਚਾਰੀਆ ਜੀ ਮਹਾਰਾਜ ਦੀ ਕ੍ਰਿਪਾ ਪ੍ਰਾਪਤ ਸ਼ਿਸ਼ਯਾ ਮਾਨਸ ਚਾਤਿਕੀ ਵੈਦੇਹੀ (ਸੁਰਭੀ ਜੀ) ਨੇ ਕਲਸ਼ ਯਾਤਰਾ ‘ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਗਵਾਨ ਸ਼੍ਰੀ ਰਾਮ ਪਰਿਵਾਰ ਦੀਆਂ ਸੁੰਦਰ ਝਾਕੀਆਂ ਅਤੇ ਆਦਰਸ਼ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਵੀ ਬੈਂਡ ਨਾਲ ਕਲਸ਼ ਯਾਤਰਾ ਦੀ ਸ਼ੋਭਾ ਵਧਾਈ। ਇਸ ਕਲਸ਼ ਯਾਤਰਾ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸੁੰਦਰ ਰੱਥ ਵਿੱਚ ਸੁਸ਼ੋਭਿਤ ਭਗਵਾਨ ਸ੍ਰੀ ਰਾਮ ਜੀ ਦਾ ਨਤਮਸਤਕ ਹੁੰਦਿਆਂ ਅਸ਼ੀਰਵਾਦ ਲਿਆ। ਕਲਸ਼ ਯਾਤਰਾ ਦੀ ਸਮਾਪਤੀ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਅਤੇ ਸ੍ਰੀ ਰਾਮ ਕਥਾ ਦੇ ਮੁੱਖ ਪ੍ਰਬੰਧਕ ਅਰੁਣ ਖੋਸਲਾ ਸਾਬਕਾ ਮੇਅਰ ਨੇ ਦੱਸਿਆ ਕਿ ਰੋਜਾਨਾ ਸ਼ਾਮ 7 ਵਜੇ ਤੋਂ 10 ਵਜੇ ਤੱਕ ਵੈਦੇਹੀ ਜੀ ਸ਼੍ਰੀ ਰਾਮ ਕਥਾ ਦਾ ਸੰਚਾਰ ਕਰਨਗੇ। ਉਨ੍ਹਾਂ ਸਮੂਹ ਧਰਮ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਨਜ਼ਦੀਕੀਆਂ ਸਮੇਤ ਹਾਜ਼ਰੀ ਭਰ ਕੇ ਭਗਵਾਨ ਸ਼੍ਰੀ ਰਾਮ ਦੀ ਪਵਿੱਤਰ ਕਥਾ ਦਾ ਆਨੰਦ ਮਾਣਨ। ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਜੱਥੇਬੰਦੀਆਂ ਦੇ ਆਗੂ ਵੀ ਹਾਜਰ ਸਨ।