*ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦੀ ਹੱਥ ਲਿਖਤ ਨੂੰ ਤਾਜ਼ਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ*

0
21

ਬੁਢਲਾਡਾ, 26 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਧਾਰਮਿਕ ਸਮਾਜਿਕ ਤੇ ਸਿਆਸੀ ਖੇਤਰ ਵਿੱਚ ਜਾਣੇ-ਪਛਾਣੇ ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦਾ ਜਨਮ 1-1-1940 ਨੂੰ ਪੱਛਮੀ ਪਾਕਿਸਤਾਨ ਦੇ ਸ਼ਹਿਰ ਢੁੜਿਆਲ ਵਿਖੇ ਪਿਤਾ ਸਵਰਗਵਾਸੀ ਡਾਕਟਰ ਪ੍ਰਤਾਪ ਸਿੰਘ ਕੋਹਲੀ ਤੇ ਮਾਤਾ ਵੀਰਾਂਵਾਲੀ ਦੇ ਗ੍ਰਹਿ ਵਿਖੇ ਹੋਇਆ।ਮੁਢਲੀ ਵਿਦਿਆ ਢੁਡਿਆਲ ਤੋਂ ਸ਼ੁਰੂ ਕੀਤੀ।15 ਅਗਸਤ 1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਤੇ ਬਟਵਾਰੇ ਸਮੇਂ ਪਾਕਿਸਤਾਨ ਛੱਡ ਕੇ ਕੋਹਲੀ ਸਾਹਿਬ ਦਾ ਪਰਿਵਾਰ ਬੁਢਲਾਡਾ (ਜ਼ਿਲ੍ਹਾ ਹਿਸਾਰ( ਉਦੋਂ) ਪੰਜਾਬ ਭਾਰਤ ਵਿੱਚ ਆ ਗਿਆ। ਇੱਥੇ ਸਰਕਾਰੀ ਹਾਈ ਸਕੂਲ ਦੀ ਵਿਦਿਆ ਪ੍ਰਾਪਤੀ ਸਮੇਂ ਹੀ ਏ.ਸੀ.ਸੀ. ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੈਂਪਾਂ ਦੇਹਰਾਦੂਨ ਕੰਡਾਘਾਟ ਤੇ ਅਨੰਦਪੁਰ ਸਾਹਿਬ ਵਿੱਚ ਸ਼ਾਮਿਲ ਹੋ ਕੇ ਆਪਣੇ ਜੀਵਨ ਵਿੱਚ ਧਾਰਮਿਕ ਪ੍ਰਵਿਰਤੀ ਲਿਆਂਦੀ।1955 ਦੀ 26 ਜਨਵਰੀ ਨੂੰ ਆਪਣਾ ਵਿਦਵਤਾ ਭਰਪੂਰ ਆਪਣੇ ਕਵਿਤਾ ਤੇ ਲੈਕਚਰ ਦੇ ਧਾਰਮਿਕ ਅਧਿਆਪਕ ਗਿਆਨੀ ਮੀਤ ਸਿੰਘ ਜੀ ਵੱਲੋਂ ਗਣਤੰਤਰ ਦਿਵਸ ਦੀ ਮਹੱਤਤਾ ਸਬੰਧੀ ਸ਼ਿੰਗਾਰਿਆ ਲੈਕਚਰ ਜੋਸ਼ ਭਰੇ ਢੰਗ’ਚ ਦੇ ਕੇ ਪਹਿਲਾਂ ਇਨਾਮ ਯਾਦਗਾਰੀ ਚਿੰਨ੍ਹਾਂ ਵਿਦਿਅਕ ਪੰਗਤੀਆਂ ਨਾਲ ਸਜਾਇਆ ਸਰਹਾਣੇ ਦਾ ਗਿਲਾਫ,ਪੈਨ ਅਤੇ ਕਾਪੀ ਪ੍ਰਾਪਤ ਕਰਕੇ ਸਰੋਤਿਆਂ ਤੋਂ ਵਾਹ-ਵਾਹ ਪ੍ਰਾਪਤ ਕੀਤੀ।ਮਾਰਚ 1957’ਚ ਹੋਏ ਦਸਵੀਂ ਦੇ ਇਮਤਿਹਾਨ ਬਠਿੰਡਾ ਸੈਂਟਰ ਵਿੱਚ ਦਿੱਤੇ,ਜਿਸ ਦਾ ਪਾਸ ਨਤੀਜਾ ਮਈ ਦੇ ਸ਼ੁਰੂ ਵਿੱਚ ਪ੍ਰਾਪਤ ਕਰਕੇ ਆਪ ਕਾਰੋਬਾਰੀ ਸਿਲਸਿਲੇ ਤੇ ਉਚੇਰੀ ਵਿਦਿਆ ਲਈ ਬੰਬੇ ਚਲੇ ਗਏ।ਜਿੱਥੇ ਜਾ ਕੇ ਵੀ ਆਪ ਜੀ ਨੇ ਕਵੀ ਦਰਬਾਰਾਂ ਤੋਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਖੁੱਲੀਆਂ ਤੇ ਧਾਰਮਿਕ ਕਵਿਤਾਵਾਂ ਬੋਲਦੇ ਰਹੇ।ਖੁੱਲੀ ਕਵਿਤਾ ਪੰਜਾਬੀ ਬੋਲੀ ਕਿੱਥੋਂ ਤੇ ਕਿਵੇਂ ਆਈ,ਨਵੀਨ ਰੂਪ’ਚ ਲਿਖੀ ਇਸ ਕਵਿਤਾ ਤੇ ਬੰਬੇ ਵਿਖੇ ਤੀਸਰਾ ਇਨਾਮ ਪ੍ਰਾਪਤ ਕੀਤਾ।ਅਕਤੂਬਰ 1958’ਚ ਬੰਬੇ ਤੋਂ ਬੁਢਲਾਡਾ ਵਾਪਸੀ ਤੇ ਸੰਗਰੂਰ ਦੁਕਾਨਦਾਰੀ ਹਿੱਤ ਚਲੇ ਗਏ।ਇਥੋਂ ਹੀ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ।ਸੰਗਰੂਰ ਵਿਖੇ ਅਕਾਲੀ ਦਲ ਦੇ ਬਲਾਕ ਪੱਧਰ ਦੇ ਜਨਰਲ ਸਕੱਤਰ ਬਣੇ। 1960 ਵਿੱਚ ਪੰਜਾਬੀ ਸੂਬੇ ਦੇ ਨਾਅਰੇ’ਤੇ ਲੱਗੀ ਪਾਬੰਦੀ ਦੇ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੁਕਮਾਂ ਅਨੁਸਾਰ 2 ਜੂਨ ਨੂੰ ਗ੍ਰਿਫ਼ਤਾਰੀ ਦੇ ਕੇ ਹਿਸਾਰ ਜੇਲ ਯਾਤਰਾ ਕੀਤੀ।ਨਵੰਬਰ 1960 ਨੂੰ ਬੁਢਲਾਡਾ ਆ ਕੇ ਸਪੇਅਰ ਪਾਰਟਸ ਦੀ ਦੁਕਾਨ ਕੀਤੀ ਅਤੇ ਨਾਲ ਹੀ ਗੁਰੂਧਾਮਾਂ ਦੀ ਸੇਵਾ-ਸੰਭਾਲ ਵਿੱਚ ਹਿੱਸਾ ਲੈਂਦੇ ਰਹੇ।ਗੁਰਦੁਆਰਾ ਸਿੰਘ ਸਭਾ ਇਲਾਕਾ ਬਾਰ੍ਹਾ ਦੇ ਪਹਿਲਾਂ ਪ੍ਰਚਾਰ ਤੇ ਫ਼ਿਰ ਪ੍ਰੈਸ ਸਕੱਤਰ ਬਣੇ ਤੇ ਉਨ੍ਹਾਂ ਦਿਨਾਂ ਵਿੱਚ ਹੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਪ੍ਰਵਾਣ ਕਰਵਾਉਣ ਲਈ ਗਿਆਨੀ ਗੁਰਦਿੱਤ ਸਿੰਘ(ਉਸ ਸਮੇਂ ਦੇ ਐਮ.ਐਲ.ਸੀ) ਦੀ ਪ੍ਰਧਾਨਗੀ ਹੇਠ ਵੱਡੀ ਕਨਵੈਨਸ਼ਨ ਕਰਵਾਈ।ਸੰਤ ਫਤਿਹ ਸਿੰਘ ਜੀ,ਸੰਤ ਚੰਨਣ ਸਿੰਘ ਜੀ,ਜਥੇਦਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ,ਗਿਆਨੀ ਹਰਨਾਮ ਸਿੰਘ ਜੀ ਹੀਰੋ ਕਲਾਂ ਤੇ ਹੋਰ ਵਿਦਵਾਨ ਭਾਰੀ ਗਿਣਤੀ ਵਿੱਚ ਇੱਥੇ ਪੁੱਜੇ। ਜਿਨ੍ਹਾਂ ਦਾ ਚੁੱਕਿਆ ਬੀੜਾ ਸਫ਼ਲ ਹੋਇਆ ਤੇ ਕੇਂਦਰ ਸਰਕਾਰ ਪਾਸੋਂ ਤਖ਼ਤ ਸਾਹਿਬ ਦੀ ਹੋਂਦ ਪ੍ਰਵਾਨ ਕਰਵਾਈ। ਇਸ ਸੰਬੰਧੀ ਕੋਹਲੀ ਸਾਹਿਬ ਵੱਲੋਂ ਪ੍ਰੈਸ ਵਿੱਚ ਇਹ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ।1960 ਤੋਂ ਲੈ ਕੇ 1990 ਤੱਕ ਦੇ ਲੋਕ ਪੰਥਕ ਮੋਰਚਿਆਂ ਅਤੇ ਅੰਦੋਲਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਕੋਹਲੀ ਸਾਹਿਬ ਨੇ ਦਿੱਲੀ ਮੋਰਚਾ,ਕਰਨਾਲ ਮੋਰਚਾ,ਅੰਮ੍ਰਿਤਸਰ ਗੁਰੂਧਾਮ ਮੋਰਚਾ ਸਮੇਂ ਗ੍ਰਿਫਤਾਰੀ ਦਿੱਤੀ।ਸਿਰ’ਤੇ ਆਈਆਂ ਕਈ ਔਕੜਾਂ,ਮੁਸ਼ਕਿਲਾਂ,ਮੁਸੀਬਤਾਂ,ਆਰਥਿਕ ਕਮਜ਼ੋਰੀਆਂ ਦੇ ਬਾਵਜੂਦ ਦ੍ਰਿੜ ਨਿਸ਼ਚੇ’ਚ ਰਹਿ ਕੇ ਧਾਰਮਿਕ ਖੇਤਰ ਦੇ ਨਾਲ ਪੱਤਰਕਾਰੀ ਦੀ ਵੱਡੀ ਜਿੰਮੇਵਾਰੀ ਵੀ ਨਿਭਾ ਰਹੇ ਸਨ।1970-75 ਅਤੇ 77 ਵਿੱਚ ਪਾਕਿਸਤਾਨ ਗੁਰੂਧਾਮਾਂ ਦੀ ਯਾਤਰਾ ਸਮੇਂ ਵੀ ਕਵਿਤਾਵਾਂ ਰਾਹੀਂ ਭਾਰਤ,ਪਾਕਿਸਤਾਨ,ਸਿੰਧ,ਪਿਸ਼ਾਵਰ ਤੇ ਬਾਹਰਲੇ ਦੇਸ਼ਾਂ ਤੋਂ ਆਈਆਂ ਸੰਗਤਾਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ।ਇਨ੍ਹਾਂ ਥਾਵਾਂ’ਤੇ ਹੀ ਕੋਹਲੀ ਸਾਹਿਬ ਦੀ ਪ੍ਰਸਿੱਧ ਕਵਿਤਾ ਭੈਣ ਨਾਨਕੀ ਦੀ ਸਿਦਕ ਨੇ ਕਈ ਵਿਦੇਸ਼ੀ ਤੇ ਦੇਸ਼ੀ ਸੰਗਤਾਂ ਨਾਲ ਸਾਂਝ ਪਵਾਈ।ਜਨਵਰੀ 1985 ਨੂੰ ਧੰਨ ਗੁਰੂ ਨਾਨਕ ਸਤਿਸੰਗ ਸਭਾ ਦੀ ਸਥਾਪਨਾ ਸਮੇਂ ਸਭਾ ਦੇ ਪਹਿਲੇ ਮੁੱਖ ਸੰਚਾਲਕ ਬਣੇ।ਜਿਹੜੀ ਸਿੱਖ ਸਮਾਜ ਵਿੱਚ ਇਸ ਵੇਲੇ ਆਪਣਾ ਪੂਰਾ ਨਾਮ ਕਮਾ ਰਹੀ ਹੈ।1965 ਤੋਂ ਲੈ ਕੇ 1998 ਤੱਕ ਦੇ ਸਮੇਂ ਅੰਦਰ ਗੁਰਦੁਆਰਾ ਸਾਹਿਬ ਨਵੀਨ ਦੇ 4 ਸਾਲ ਪ੍ਰਧਾਨ,ਗੁਰਦੁਆਰਾ ਸਾਹਿਬ ਇਲਾਕਾ ਬਾਰ੍ਹਾ ਦੇ 3 ਸਾਲ ਪ੍ਰਚਾਰ ਸਕੱਤਰ ਤੇ ਲਗਭਗ 20 ਸਾਲ ਜਨਰਲ ਸਕੱਤਰ’ਤੇ ਰਹਿ ਕੇ ਦੋਨਾਂ ਅਸਥਾਨਾਂ ਦੀ ਚੜ੍ਹਦੀਕਲਾ ਵਿੱਚ ਭਰਪੂਰ ਹਿੱਸਾ ਪਾਇਆ। ਪੱਤਰਕਾਰ ਗੁਰਚਰਨ ਸਿੰਘ ਕੋਹਲੀ ਦੀ 17ਵੀ ਬਰਸੀ ਤੇ ਓਹਨਾ ਦੀ ਯਾਦ ਤਾਜ਼ਾ ਕਰਦਿਆਂ ਵਾਹਿਗੁਰੂ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਕੋਹਲੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here