
ਚੰਡੀਗੜ, 17 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) :ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ 304 ਸਰਕਾਰੀ ਸਕੂਲਾਂ ਵਿੱਚ 364 ਕਮਰਿਆਂ ਦੀ ਉਸਾਰੀ ਲਈ ਪ੍ਰਾਜੈਕਟ ਉਲੀਕਿਆ ਗਿਆ ਹੈ ਅਤੇ ਇਸ ਕਾਰਜ ਲਈ 10.92 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਮਿਆਰ ਵਿੱਚ ਸੁਧਾਰਨ ਲਈ ਅਣਥੱਕ ਯਤਨ ਰਹੀ ਹੈ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਇਨਾਂ ਕਮਰਿਆਂ ਦੀ ਉਸਾਰੀ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਨੂੰ ਯਕੀਨੀ ਬਣਾਏਗਾ ਅਤੇ ਕਮਰਿਆਂ ਦੇ ਨਿਰਮਾਣ ਲਈ ਰੱਖੀ ਗਈ ਰਾਸ਼ੀ ਪੂਰੀ ਪਾਰਦਰਸ਼ਤਾ ਨਾਲ ਵਰਤੀ ਜਾਵੇਗੀ।ਵਿਸਥਾਰ ਵਿੱਚ ਵੇਰਵੇ ਦਿੰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਕਤ 304 ਸਕੂਲਾਂ ਵਿਚ ਥਾਂ ਦੀ ਘਾਟ ਦੇ ਸਨਮੁਖ ਨਾਬਾਰਡ ਦੇ ਆਰ.ਆਈ.ਡੀ.ਐਫ.-ਐਕਸ.ਐਕਸ.ਵੀ. ਪ੍ਰਾਜੈਕਟ ਅਧੀਨ ਕਮਰਿਆਂ ਦੀ ਉਸਾਰੀ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਗਈ ਸੀ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਇਹ ਪ੍ਰਾਜੈਕਟ ਅਰੰਭਣ ਦੀ ਪ੍ਰਵਾਨਗੀ ਮਿਲ ਗਈ ਹੈ। ਉਨਾਂ ਕਿਹਾ ਕਿ ਹਰ ਸਕੂਲ ਨੂੰ ਪ੍ਰਤੀ ਕਮਰੇ ਦੀ ਉਸਾਰੀ ਲਈ 3 ਲੱਖ ਰੁਪਏ ਦਿੱਤੇ ਜਾਣਗੇ ਅਤੇ ਕਮਰਿਆਂ ਦੀ ਬਣਤਰ ਸਬੰਧੀ ਵੇਰਵੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਰਾਜ ਸਰਕਾਰ ਨੇ ਆਮ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ’ਤੇ ਵੀ ਧਿਆਨ ਕੇਂਦਰਤ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਨਵੀਆਂ ਈ-ਲਰਨਿੰਗ ਤਕਨੀਕਾਂ ਨੇ ਸਿੱਖਿਆ ਦੀ ਗੁਣਵੱਤਾ ਵਿੱਚ ਜ਼ਾਹਰਾ ਤੌਰ ’ਤੇ ਸੁਧਾਰ ਲਿਆਂਦਾ ਹੈ ਜਿਸ ਕਾਰਨ ਨਤੀਜਿਆਂ ਵਿਚ ਸੁਧਾਰ ਹੋਇਆ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਸਰਕਾਰੀ ਸਕੂਲ ਅਧਿਆਪਕ ਈ-ਲਰਨਿੰਗ ਤਕਨੀਕਾਂ ਰਾਹੀਂ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।——–
