-ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਲਏ ਗਏ ਅਹਿਮ ਫੈਸਲੇ ਸਦਕਾ ਕੋਵਿਡ-19 ‘ਤੇ ਪਾਈ ਫਤਿਹ

0
16

ਮਾਨਸਾ, 09 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਕੋਵਿਡ-19 ਦੀ ਮਹਾਂਮਾਰੀ ਦੇ ਇੱਕਦਮ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਡਾਕਟਰੀ ਭਾਈਚਾਰੇ ਨੂੰ ਬਿਨਾਂ ਕਿਸੇ ਤਿਆਰੀ ਦੇ ਬਾਵਜੂਦ, ਪੰਜਾਬ ਸਰਕਾਰ ਦੇ ਤਤਕਾਲ ਤੇ ਯੋਜਨਾਬੱਧ ਹੁੰਗਾਰੇ ਦੇ ਨਤੀਜੇ ਵਜੋਂ ਇਸ ਬਿਮਾਰੀ ‘ਤੇ ਫਤਿਹ ਕੀਤਾ ਗਿਆ। ਨੋਵਲ ਕੋਰੋਨਾ ਵਾਇਰਸ ਤੋਂ ਸੂਬਾ ਵਾਸੀਆਂ ਨੂੰ ਬਚਾਏ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਵੀ ਚਲਾਇਆ ਗਿਆ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਪੰਜਾਬ ਸਰਕਾਰ ਦੇ ਸਲਾਹਕਾਰ ਪ੍ਰੋਫੈਸਰ ਕੇ.ਕੇ. ਤਲਵਾੜ ਦੀ ਅਗਵਾਈ ਨਾਲ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਲਈ ਕੰਮ ਕਰਨ ਵਾਲੇ ਅਤੇ ਡਾਕਟਰੀ ਦੇਖਭਾਲ ਕੇਂਦਰਾਂ ਵਿਚ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਵਿਡ-19 ਬਿਮਾਰੀ ਸਬੰਧੀ ਵਧੀਆ ਢੰਗ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕੀਤੀ।ਡਾ. ਤਲਵਾੜ ਦੀ ਰਣਨੀਤੀ ਅਨੁਸਾਰ ਚਲਦਿਆਂ ਹੀ ਪੰਜਾਬ ਸਰਕਾਰ ਸਮੁੱਚੇ ਸੂਬੇ ‘ਚ ਆਪਣੇ ਮੈਡੀਕਲ ਅਮਲੇ ਰਾਹੀਂ ਕੋਵਿਡ ਮਰੀਜ਼ਾਂ ਨੂੰ ਸੰਭਾਲਣ ‘ਚ ਕਾਮਯਾਬ ਹੋਈ ਹੈ।  ਡਾ. ਤਲਵਾੜ ਆਪਣੀ ਇਸ ਰਣਨੀਤੀ ਦਾ ਨਿਚੋੜ ਕੱਢਦੇ ਹੋਏ ਦੱਸਦੇ ਹਨ ਕਿ ਨਵਾਂ ਵਿਸ਼ਾ ਹੋਣ ਕਾਰਨ ਇਸ ਸਬੰਧੀ ਸਮੁੱਚੀ ਖੋਜ ਤੇ ਜਾਣਕਾਰੀ ਨੂੰ ਹੇਠਲੇ ਪੱਧਰ ਤੱਕ ਵਿਆਪਕ ਤਰੀਕੇ ਨਾਲ ਪਹੁੰਚਾਉਣਾ ਹੀ ਸਭ ਤੋਂ ਵੱਡੀ ਕਾਮਯਾਬੀ ਸੀ।ਉਹ ਦੱਸਦੇ ਹਨ ਕਿ ਹਲਕੇ ਤੋਂ ਦਰਮਿਆਨੇ ਕੋਵਿਡ-19 ਪੀੜਤਾਂ ਦੀ ਹਾਲਤ ਨੂੰ ਮੱਦੇਨਜ਼ਰ ਰੱਖ ਕੇ ਮੈਡੀਕਲ ਮਾਹਿਰਾਂ, ਮੈਡੀਕਲ ਕਾਲਜਾਂ ਦੇ ਅਧਿਆਪਕਾਂ ਅਤੇ ਸੰਵੇਦਨਸ਼ੀਲ ਹਾਲਤ ਵਾਲੇ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰਾਂ ਨਾਲ ਸੈਸ਼ਨ ਉਲੀਕੇ ਗਏ।ਪੰਜਾਬ ਦੇ ਮੈਡੀਕਲ ਕਾਲਜਾਂ ਦੇ ਅਧਿਆਪਕਾਂ ਅਤੇ ਡਾਕਟਰਾਂ ਨੂੰ ਇੱਕ ਸਾਂਝੇ ਈ-ਪਲੇਟਫ਼ਾਰਮ ‘ਤੇ ਲਿਆਉਣ ਬਾਅਦ ਏਮਜ਼, ਪੀ. ਜੀ.ਆਈ, ਯੂ.ਐਸ.ਏ., ਯੂ.ਕੇ. ਅਤੇ ਇਟਲੀ ਦੇ ਇਸ ਤਜਰਬੇ ‘ਚੋਂ ਲੰਘ ਚੁੱਕੇ ਮਾਹਿਰਾਂ ਨਾਲ ਰਾਬਤਾ ਕਰਵਾਇਆ ਗਿਆ।ਸਿਹਤ ਵਿਭਾਗ ਤੇ ਮੈਡੀਕਲ ਸਿਖਿਆ ਨਾਲ ਸਬੰਧਤ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਵੀ ਇਸ ਗਰੁੱਪ ਨਾਲ ਜੋੜਿਆ ਗਿਆ, ਤਾਂ ਜੋ ਕਿਸੇ ਵੀ ਮੁਸ਼ਕਿਲ ਨੂੰ ਇਹ ਅਧਿਕਾਰੀ ਆਪਣੇ ਪੱਧਰ ‘ਤੇ ਦੂਰ ਕਰਕੇ ਸਹਾਇਤਾ ਕਰਨ।        ਉਹ ਦੱਸਦੇ ਹਨ ਕਿ 27 ਮਾਰਚ ਤੋਂ 4 ਜੂਨ ਤੱਕ 1914 ਮੈਡੀਕਲ ਪੇਸ਼ੇਵਾਰ ਕੋਵਿਡ ਕੇਅਰ ਸੇਵਾਵਾਂ ਨਾਲ ਜੋੜੇ ਜਾ ਚੁੱਕੇ ਹਨ। ਖੋਜ ਪ੍ਰਾਜੈਕਟ ਜਿਵੇਂ ਕਿ ਪਲਾਜ਼ਮਾ ਅਤੇ ਸਟੀਰਾਇਡ ਦੀ ਵਰਤੋਂ ਵੀ ਇਸ ਮੰਚ ‘ਤੇ ਸ਼ੁਰੂ ਕੀਤੇ ਜਾ ਚੁੱਕੇ ਹਨ। ਡੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਬਿਸ਼ਵ ਮੋਹਨ ਨੇ ਸਵੈ ਇੱਛਾ ਨਾਲ ਇਨ੍ਹਾਂ ਸੈਸ਼ਨਾਂ ਦੇ ਸੰਚਾਲਨ ਦੀ ਸੇਵਾ ਨਿਭਾਈ। ਇਸ ਤੋਂ ਇਲਾਵਾ ਮੈਡੀਕਲ ਮਾਹਿਰਾਂ ਅਤੇ ਬੇਹੋਸ਼ੀ ਮਾਹਿਰਾਂ ਜੋ ਕਿ ਹਲਕੇ ਤੋਂ ਦਰਮਿਆਨੇ ਪੀੜਤਾਂ ਦੇ ਇਲਾਜ ਨਾਲ ਜੁੜੇ ਹੋਏ ਸਨ, ਦੀ ਇਸ ਮੰਚ ‘ਤੇ ਸਪਤਾਹਿਕ ਸਿਖਲਾਈ ਵੀ ਕਰਵਾਈ ਗਈ।ਹਰੇਕ ਵੀਰਵਾਰ ਨੂੰ 12 ਵਜੇ ਦੁਪਹਿਰ ਚਲਦੇ ਇਨ੍ਹਾਂ ਸੈਸ਼ਨਾਂ ‘ਚ ਹੁਣ ਤੱਕ 1500 ਤੋਂ ਵਧੇਰੇ ਪ੍ਰਤੀਭਾਗੀ ਸ਼ਾਮਿਲ ਹੋ ਚੁੱਕੇ ਹਨ। ਇਨ੍ਹਾਂ ਸੈਸ਼ਨਾਂ ‘ਚ ਸਿਹਤ ਕਾਮਿਆਂ ਦੀ ਸੁਰੱਖਿਆ, ਪ੍ਰਬੰਧਕੀ ਦਿਸ਼ਾ-ਨਿਰਦੇਸ਼, ਰਿਸਕ ‘ਤੇ ਕਾਬੂ ਪਾਉਣ ਦੀ ਰਣਨੀਤੀ ਅਤੇ ਸੈਂਪਲਿੰਗ ਤੇ ਆਈਸੋਲੇਸ਼ਨ ਪ੍ਰੋਟੋਕਾਲ ਬਾਰੇ ਹੋਏ ਵਿਚਾਰ ਵਟਾਂਦਰੇ ਨੂੰ ਦਸਤਾਵੇਜ਼ੀ ਰੂਪ ਵੀ ਦਿੱਤਾ ਗਿਆ ਹੈ।  ਡਾ. ਤਲਵਾੜ ਅਨੁਸਾਰ ਇਸ ਤੋਂ ਵੀ ਅੱਗੇ ਕੇਸ-ਆਧਾਰਿਤ ਵਿਚਾਰਾਂ ਤੇ ਸਲਾਹ ਅਤੇ ਉਨ੍ਹਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ, ਮੈਡੀਕਲ ਕਾਲਜਾਂ ਦੇ ਮਾਹਿਰਾਂ ਵੱਲੋਂ ਜ਼ਿਲ੍ਹਾ ਹਸਪਤਾਲਾਂ (ਲੈਵਲ-2) ਨੂੰ ਤੁਰੰਤ ਮਾਹਿਰਾਨਾ ਸੇਧ ਮੁਹੱਈਆ ਕਰਵਾਈ ਜਾ ਰਹੀ ਹੈ। ਇੱਕ ਦੂਸਰਾ ਗਰੁੱਪ ਇੰਨਟੈਂਸਿਵ ਕੇਅਰ ਯੂਨਿਟਾਂ ‘ਚ ਮਰੀਜ਼ਾਂ ਦੇ ਪ੍ਰਬੰਧਨ ਨਾਲ ਜੁੜੀਆਂ ਮੁਸ਼ਕਿਲਾਂ ਅਤੇ ਨਾਜ਼ੁਕ ਸਥਿਤੀ ‘ਚ ਪੁੱਜੇ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਹਫ਼ਤਾਵਾਰੀ ਮੀਟਿੰਗਾਂ ‘ਚ ਚਰਚਾ ਕਰ ਰਿਹਾ ਹੈ। ਪ੍ਰੋ. ਜੀ.ਡੀ.ਪੁਰੀ, ਮੁਖੀ ਬੇਹੋਸ਼ੀ ਵਿਭਾਗ ਅਤੇ ਇੰਚਾਰਜ ਕੋਵਿਡ ਯੂਨਿਟ ਪੀ.ਜੀ.ਆਈ. ਚੰਡੀਗੜ੍ਹ ਇਨ੍ਹਾਂ ਸੈਸ਼ਨਾਂ ‘ਚ ਤਾਲਮੇਲ ਕਰ ਰਹੇ ਹਨ। ਇਹ ਸੈਸ਼ਨ ਬਿਮਾਰੀ ਨੂੰ ਸਮਝਣ ਦੇ ਤਰੀਕੇ ਨੂੰ ਸੁਧਾਰਨ ਅਤੇ ਨਾਜ਼ੁਕ ਹਾਲਤਾਂ ਨੂੰ ਸੰਭਾਲਣ ‘ਚ ਅਹਿਮ ਸਾਬਤ ਹੋ ਰਹੇ ਹਨ। ਇਨ੍ਹਾਂ ਸੈਸ਼ਨਾਂ ‘ਚ ਕੋਵਿਡ ਪੀੜਤ ਜੋ ਦੂਸਰੀਆਂ ਬਿਮਾਰੀਆਂ ਤੋਂ ਵੀ ਪੀੜਿਤ ਹਨ, ਦੀ ਸਾਂਭ-ਸੰਭਾਲ ਦੇ ਪ੍ਰੋਟੋਕਾਲ ਬਣਾਉਣ ‘ਚ ਸਹਾਇਕ ਹਨ। ਯੂ ਐਸ ਏ, ਯੂ ਕੇ, ਇਟਲੀ, ਏਮਜ਼ ਅਤੇ ਪੀ ਜੀ ਆਈ ਦੇ ਮਾਹਿਰ ਇਨ੍ਹਾਂ ਸੈਸ਼ਨਾਂ ‘ਚ ਨਿਯਮਿਤ ਤੌਰ ‘ਤੇ ਸ਼ਾਮਿਲ ਹੁੰਦੇ ਹਨ ਅਤੇ ਅਜਿਹੇ ਕੇਸਾਂ ਨੂੰ ਸਾਂਭਣ ਬਾਰੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਇਹ ਸੈਸ਼ਨ ਹਰੇਕ ਸ਼ਨਿੱਚਰਵਾਰ ਸ਼ਾਮ 7 ਵਜੇ ਲਾਏ ਜਾਂਦੇ ਹਨ ਅਤੇ 500 ਤੋਂ ਵਧੇਰੇ ਪ੍ਰਤੀਭਾਗੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ।  ਆਈ ਸੀ ਯੂ ‘ਚ ਕੋਵਿਡ ਦੇ ਗੰਭੀਰ ਕੇਸਾਂ ਨੂੰ ਸਾਂਭਣ ‘ਚ ਅਗਵਾਈ ਲੀਹਾਂ ਦੇਣ ਲਈ ਡਾ. ਜੀ ਡੀ ਪੁਰੀ ਦੀ ਚੇਅਰਮੈਨਸ਼ਿੱਪ ਅਤੇ ਡਾ. ਬਿਸ਼ਵ ਮੋਹਨ ਵਾਲੀ ਮਾਹਿਰ ਕਮੇਟੀ ਵੀ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਡਾ. ਵਿਸ਼ਾਲ ਚੋਪੜਾ ਨੂੰ ਮੈਡੀਕਲ ਸਿਖਿਆ ਵਿਭਾਗ ਵੱਲੋਂ ਗੰਭੀਰ ਹਾਲਤਾਂ ਵਾਲੇ ਮਰੀਜ਼ਾਂ ਦੀ ਸਾਂਭ-ਸੰਭਾਲ ਸਬੰਧੀ ਦਿਸ਼ਾ-ਨਿਰਦੇਸ਼ ਦੇਣ ਵਾਲੇ ਗਰੁੱਪ ਲਈ ਨੋਡਲ ਅਫ਼ਸਰ ਅਤੇ ਸਿਹਤ ਵਿਭਾਗ ਤੋਂ ਡਾ. ਗੁਰਵਿੰਦਰ ਕੌਰ ਨੂੰ ਜ਼ਿਲ੍ਹਾ ਹਸਪਤਾਲ (ਲੈਵਲ-2) ਦਾ ਨੋਡਲ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ।  ਡਾ. ਕੇ ਕੇ ਤਲਵਾੜ ਦੀ ਸੇਧ ‘ਚ ਅਤੇ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਮੈਡੀਕਲ ਕਾਲਜ ਏਕੀਕ੍ਰਿਤ ਮਜ਼ਬੂਤ ਫ਼ੋਰਸ ਦੇ ਤੌਰ ‘ਤੇ ਮਹਾਂਮਾਰੀ ‘ਤੇ ਕਾਬੂ ਪਾਉਣ ‘ਚ ਜੁਟੇ ਹੋਏ ਹਨ। ਟੀਮਵਰਕ ਤੇ ਤਾਲਮੇਲ ਰਾਜ ‘ਚ ਮਰੀਜ਼ਾਂ ਨੂੰ ਇਸ ਮਹਾਂਮਾਰੀ ਦੌਰਾਨ ਉੱਚ ਮਿਆਰੀ ਇਲਾਜ ਦੇਣ ਅਤੇ ਉਨ੍ਹਾਂ ਦੀ ਜਾਨ ਬਚਾਉਣ ‘ਚ ਸਹਾਈ ਹੋ ਰਿਹਾ ਹੈ।

LEAVE A REPLY

Please enter your comment!
Please enter your name here