
ਚੰਡੀਗੜ੍ਹ, 25 ਸਤੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਡੀ.ਐਮ. (ਜ਼ਿਲ੍ਹਾ ਮੈਂਟਰ) ਸਪੋਰਟਸ ਲਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ ਸਿੱਖਿਆ) ਨੇ ਡੀ.ਐਮ. ਸਪੋਰਟਸ ਤਾਇਨਾਤ ਕਰਨ ਲਈ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਮੂਹ ਜ਼ਿਲ੍ਹਿਆਂ ਵਿੱਚ ਖੇਡ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਤਰਜ ’ਤੇ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਵਿੱਚ ਡੀ.ਐਮ. ਸਪੋਰਟਸ ਲਾਏ ਗਏ ਹਨ।
ਬੁਲਾਰੇ ਅਨੁਸਾਰ ਤਾਇਨਾਤ ਕੀਤੇ ਗਏ ਡੀ.ਐਮ. ਸਪੋਰਟਸ ਜ਼ਿਲ੍ਹਾ ਪੱਧਰ ’ਤੇ ਖੇਡਾਂ ਦੀ ਮੋਨੀਟਰਿੰਗ ਕਰਨਗੇ ਅਤੇ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਸਰੀਰਕ ਸਿੱਖਿਆ ਲੈਕਚਰਾਰਾਂ/ਅਧਿਆਪਕਾਂ ਨੂੰ ਸੁਝਾਅ ਅਤੇ ਸਿਖਲਾਈ ਦੇਣ ਦੇ ਨਾਲ ਨਾਲ ਨਿਗਰਾਣੀ ਵੀ ਕਰਨਗੇ। ਇਹ ਡੀ.ਐਮ. ਸਪੋਰਟਸ ‘ਖੇਡੋ ਪੰਜਾਬ, ਤੰਦਰੁਸਤ ਪੰਜਾਬ’ ਪ੍ਰੋਜੈਕਟ ਹੇਠ ਵਿਦਿਆਰਥੀਆਂ ਦਾ ਮੁਲਾਂਕਣ ਕਰਵਾਉਣਗੇ ਅਤੇ ਹਰੇਕ ਸਕੂਲਾ ਵਿੱਚ ਟੈਲੈਂਟ ਹੰਟ ਅਤੇ ਸਲਾਨਾ ਅਥਲੈਟਿਕ ਮੀਟ ਕਰਵਾਉਣ ਨੂੰ ਯਕੀਨੀ ਬਨਾਉਣਗੇ। ਇਸ ਦੇ ਨਾਲ ਹੀ ਇਹ ਸਰੀਰਕ ਸਿੱਖਿਆ ਅਧਿਆਪਕਾਂ ਦੇ ਸਿਖਲਾਈ ਅਤੇ ਸੈਮੀਨਾਰ ਪ੍ਰੋਗਰਾਮ ਆਯੋਜਿਤ ਰਵਾਉਣਗੇ। ਇਹ ਗਤੀਵਿਧੀਆਂ ਕੋਵਿਡ-19 ਤੋਂ ਬਾਅਦ ਸਕੂਲ ਖੁਲ੍ਹਣ ’ਤੇ ਕਰਵਾਈਆਂ ਜਾਣਗੀਆਂ।
ਬੁਲਾਰੇ ਅਨੁਸਾਰ ਕੁਲਵਿੰਦਰ ਸਿੰਘ ਨੂੰ ਅੰਮਿ੍ਰਤਸਰ, ਗੁਰਚਰਨ ਸਿੰਘ ਨੂੰ ਬਠਿੰਡਾ, ਗੁਰਮਨ ਸਿੰਘ ਨੂੰ ਫਰੀਦਕੋਟ, ਪੰਕਜ ਕੰਬੋਜ ਨੂੰ ਫਾਜ਼ਿਲਕਾ, ਇਕਬਾਲ ਸਿੰਘ ਰੰਧਾਵਾ ਨੂੰ ਜਲੰਧਰ, ਸੁਖਵਿੰਦਰ ਸਿੰਘ ਨੂੰ ਕਪੂਰਥਲਾ, ਰਣਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਰਜਿੰਦਰ ਸਿੰਘ ਨੂੰ ਪਟਿਆਲਾ, ਅਰੁਨ ਕੁਮਾਰ ਨੂੰ ਪਠਾਨਕੋਟ, ਬਲਵਿੰਦਰ ਸਿੰਘ ਨੂੰ ਰੂਪਨਗਰ ਅਤੇ ਪਰਮਵੀਰ ਕੌਰ ਨੂੰ ਐਸ.ਏ.ਐਸ. ਨਗਰ ਦਾ ਡੀ.ਐਮ. ਸਪੋਰਟਸ ਲਾਇਆ ਗਿਆ ਹੈ। ਇਹ ਸਾਰੇ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਹਨ। ਇਸੇ ਤਰ੍ਹਾਂ ਹੀ ਸਿਮਰਦੀਪ ਸਿੰਘ ਨੂੰ ਬਰਨਾਲਾ, ਅਕਸ਼ ਕੁਮਾਰ ਨੂੰ ਫਿਰੋਜ਼ਪੁਰ, ਗੁਰਸੇਵਕ ਸਿੰਘ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਇਕਬਾਲ ਸਿੰਘ ਨੂੰ ਗੁਰਦਾਸਪੁਰ, ਦਲਜੀਤ ਸਿੰਘ ਨੂੰ ਹੁਸ਼ਿਆਰਪੁਰ, ਅਜੀਤ ਪਾਲ ਸਿੰਘ ਨੂੰ ਲੁਧਿਆਣਾ, ਗੁਰਦੀਪ ਸਿੰਘ ਨੂੰ ਮਾਨਸਾ, ਇੰਦਰਪਾਲ ਸਿੰਘ ਨੂੰ ਮੋਗਾ, ਜਸਵੀਰ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ, ਵਰਿੰਦਰ ਸਿੰਘ ਨੂੰ ਸੰਗਰੂਰ ਅਤੇ ਕੁਲਵਿੰਦਰ ਕੌਰ ਨੂੰ ਤਰਨ ਤਾਰਨ ਦਾ ਡੀ.ਐਮ. ਸਪੋਰਟਸ ਲਾਇਆ ਗਿਆ ਹੈ। ਇਹ ਸਾਰੇ ਡੀ.ਪੀ.ਈ ਹਨ।
———–
