
ਚੰਡੀਗੜ, 21 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ):ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ ਵੱਖ ਵਜੀਫ਼ਾ ਸਕੀਮਾ ਲਈ ਅਪਲਾਈ ਵਾਸਤੇ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ। ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ।ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਇਨਾਂ ਵਜੀਫ਼ਾ ਸਕੀਮਾਂ ਵਿੱਚ 9ਵੀਂ ਤੋਂ 10ਵੀਂ ਜਮਾਤ ਵਿੱਚ ਪੜਦੇ ਅਨੁਸੂਚਿਤ ਜਾਤੀ (ਐਸ.ਸੀ.) ਦੇ ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ, ਪਹਿਲੀ ਤੋਂ ਦਸਵੀਂ ਤੱਕ ਪੜਦੇ ਓ.ਬੀ.ਸੀ. ਵਿਦਿਆਰਥੀਆਂ ਲਈ ਪ੍ਰੀ-ਮੈਟਰਿਕ ਸਕਾਲਰਸ਼ਿਪ ਸਕੀਮ ਅਤੇ 9ਵੀਂ ਤੋਂ 12 ਤੱਕ ਪੜਦੇ ਐਸ.ਸੀ. ਵਿਦਿਆਰਥੀਆਂ ਲਈ ਅੱਪਗ੍ਰੇਡੇਸ਼ਨ ਆਫ਼ ਮੈਟਰਿਕ ਸਕੀਮ ਸ਼ਾਮਲ ਹਨ।ਬੁਲਾਰੇ ਅਨੁਸਾਰ ਇਨਾਂ ਵਜੀਫ਼ਾ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਪੋਰਟਲ ਪਹਿਲਾਂ ਹੀ 16 ਸਤੰਬਰ ਤੋਂ ਖੁਲ ਚੁੱਕਾ ਹੈ। ਆਨ ਲਾਈਨ ਅਰਜੀ ਭੇਜਣ ਦੀ ਆਖਰੀ ਤਰੀਕ 15 ਅਕਤੂਬਰ 2020 ਰੱਖੀ ਗਈ ਹੈ ਜਦਕਿ ਸਕੂਲਾਂ ਦੀ ਪ੍ਰਵਾਨਗੀ ਅਤੇ ਜ਼ਿਲਿਆਂ ਨੂੰ ਆਨ ਲਾਈਨ ਡਾਟਾ ਭੇਜਣ ਦੀ ਆਖਰੀ ਮਿਤੀ 20 ਅਕਤੂਬਰ 2020 ਨਿਰਧਾਰਤ ਕੀਤੀ ਗਈ ਹੈ। ਜ਼ਿਲਿਆਂ ਲਈ ਪ੍ਰਵਾਨਗੀ ਅਤੇ ਅੱਗੇ ਸੂਬੇ ਨੂੰ ਆਨ ਲਾਈਨ ਡਾਟਾ ਭੇਜਣ ਦੀ ਮਿਤੀ 15 ਅਕਤੂਬਰ ਤੋਂ 27 ਅਕਤੂਬਰ 2020 ਤੈਅ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਸ ਤੋਂ ਬਾਅਦ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
