
ਮਾਨਸਾ, 28 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ)
ਸੀਨੀਅਰ ਕਪਤਾਨ ਪੁਲਿਸ, ਸ੍ਰੀ ਭਾਗੀਰਥ ਸਿੰਘ ਮੀਨਾ,ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਅਤੇ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਦੀ ਅਗਵਾਈ ਹੇਠ ‘ਪੰਜਵੀਂ ਐਂਟੀ-ਡਰੱਗ ਜਾਗਰੂਕਤਾ ਮੁਹਿੰਮ’ ਤਹਿਤ ਜ਼ਿਲ੍ਹਾ ਮਾਨਸਾ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ (Zero “olerance) ਦੀ ਨੀਤੀ ਅਪਣਾਉਂਦੇ ਹੋਏ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਬਰਾਂ ਨਾਲ ਬੱਚਤ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਇਕੱਤਰ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਾਇਆ ਗਿਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੀ ਨਿਗਰਾਨੀ ਹੇਠ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਬਰਾਮਦਗੀ ਦੇ 02 ਪ੍ਰੀ-ਟਰਾਇਲ ਮੁਕੱਦਮਾਤ ਦਾ ਮਾਲ ਮੁਕੱਦਮਾ 32660 ਨਸ਼ੀਲ਼ੀਆਂ ਗੋਲੀਆਂ ਅਤੇ 41 ਸ਼ੀਸ਼ੀਆਂ ਨੂੰ ਡਰੱਗ ਇੰਸੀਲੇਟਰ ਪੁਲਿਸ ਲਾਇਨ ਮਾਨਸਾ ਵਿਖੇ ਜ਼ਾਬਤੇ ਅਨੁਸਾਰ ਨਸ਼ਟ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਾਨਸਾ ਪੁਲਿਸ ਵੱਲੋਂ ਸਰਕਾਰੀ ਨਹਿਰੂ ਮੈਮੋਰੀਆਲ ਕਾਲਜ ਮਾਨਸਾ ਵਿਖੇ ਰੱਸਾ ਕੱਸੀ, ਬੈਡਮਿੰਟਨ ਅਤੇ ਐਥਲੈਟਿਕਸ ਖੇਡ ਈਵੈਟ ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿੱਚ ਕਰੀਬ 400 ਖਿਡਾਰੀਆਂ ਨੇ ਭਾਗ ਲਿਆ। ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ.ਜੀ ਵੱਲਂੋ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਸ੍ਰੀ ਹਰੀ ਸਿੰਘ ਜ਼ਿਲ੍ਹਾ ਸ਼ੈਸਨ ਜੱਜ ਮਾਨਸਾ, ਸ੍ਰੀ ਜਸਕੀਰਤ ਸਿੰਘ ਅਹੀਰ, ਕਪਤਾਨ ਪੁਲਿਸ ਸਥਾਨਕ ਮਾਨਸਾ, ਸ੍ਰੀ ਮਨਮੋਹਣ ਸਿੰਘ ਕਪਤਾਨ ਪੁਲਿਸ (ਇੰਨਵੈ) ਮਾਨਸਾ, ਸ੍ਰੀ ਨਵਜੋਤ ਸਿੰਘ ਜਿਲ੍ਹਾ ਖੇਡ ਅਫਸ਼ਰ ਅਤੇ ਸ੍ਰੀ ਚਰਨਜੀਤ ਸਿੰਘ ਅੱਕਾਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਾਜਰ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਹਰ ਸਮੇਂ ਵਚਨਬੱਧ ਹੈ। ਅੱਗੇ ਤੋ ਵੀ ਸਮੇਂ ਸਮੇਂ ’ਤੇ ਪਬਲਿਕ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋ ਜਾਗਰੂਕ ਕਰਨ ਲਈ ਮੀਟਿੰਗਾਂ ਅਤੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ।
