*ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਸਥਿਤੀ ਨੂੰ ਵੇਖਦਿਆਂ 192 ਡਾਕਟਰ ਨਿਯੁਕਤ*

0
52

ਚੰਡੀਗੜ੍ਹ, 13 ਮਈ (ਸਾਰਾ ਯਹਾਂ/ਮੁੱਖ ਸੰਪਾਦਕ) :ਪੰਜਾਬ ਵਿਚ ਕੋਵਿਡ ਮਹਾਂਮਾਰੀ ਦੀ ਮੌਜੂਦਾ ਚਿੰਤਾਜਨਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ 192 ਮੈਡੀਕਲ ਅਧਿਕਾਰੀ ਨਿਯੁਕਤ ਕੀਤੇ ਗਏ।ਇਸ ਭਰਤੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਾਲਾਂਕਿ ਸਿਹਤ ਵਿਭਾਗ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਕੁਸ਼ਲਤਾ ਨਾਲ ਕੰਮ ਕਰ ਰਿਹਾ ਹੈ ਪਰ ਕੋਵਿਡ ਕੇਸਾਂ ਦੀ ਵੱਧ ਰਹੀ ਗਿਣਤੀ ਕਾਰਨ ਸਾਨੂੰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਵਧੇਰੇ ਸਟਾਫ ਦੀ ਲੋੜ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਆਪਣੇ ਆਪ ਨੂੰ ਲੋੜੀਂਦੇ ਸਟਾਫ ਨਾਲ ਲੈਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਤਾਂ ਜੋ ਅਸੀਂ ਜਿੰਨੀ ਜਲਦੀ ਹੋ ਸਕੇ ਕੋਵਿਡ ਵਿਰੁੱਧ ਇਹ ਲੜਾਈ ਜਿੱਤ ਸਕੀਏ ਅਤੇ ਮਿਸ਼ਨ ਫਤਿਹ ਨੂੰ ਸਫਲ ਬਣਾ ਸਕੀਏ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2017 ਤੋਂ 2021 ਤੱਕ ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਦੀਆਂ 10,000 ਤੋਂ ਵੱਧ ਅਸਾਮੀਆਂ ਦੀ ਭਰਤੀ ਮੁਕੰਮਲ ਕੀਤੀ ਜਾ ਚੁੱਕੀ ਹੈ।ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵਿੱਚ ਨਵ ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੂਬੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਸੰਕਟ ਦੇ ਇਸ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੀ.ਬੀ. ਸਿੰਘ ਨੇ ਸਿਹਤ ਵਿਭਾਗ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਸਟਾਫ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਇਸ ਮਹਾਂਮਾਰੀ ਦੌਰਾਨ ਕੁਸ਼ਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿਚ ਕੋਵਿਡ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕੋਲ ਜਨਤਕ ਸਿਹਤ ਸੰਸਥਾਵਾਂ ਵਿਚ ਆਪਣੇ ਫਰਜ਼ਾਂ ਨੂੰ ਕੁਸ਼ਲਤਾ ਨਾਲ ਨਿਭਾ ਕੇ ਅਤੇ ਇਸ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਯੋਗਦਾਨ ਪਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਵੱਡਾ ਮੌਕਾ ਹੈ। ਇਸ ਮੌਕੇ ਸੁਪਰਡੈਂਟ ਨਿਰਲੇਪ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।————–

LEAVE A REPLY

Please enter your comment!
Please enter your name here