ਬੁਢਲਾਡਾ -15 ਮਈ ( (ਸਾਰਾ ਯਹਾ/ਅਮਨ ਮਹਿਤਾ) : ਜਨਵਾਦੀ ਨੌਜਵਾਨ ਸਭਾ (ਡੀ ਵਾਈ ਐਫ ਆਈ) ਅਤੇ ਵਿਦਿਆਰਥੀ ਜਥੇਬੰਦੀ ਐਸ ਐਫ ਆਈ ਦੇ ਸੂਬਾਈ ਸੱਦੇ ਤੇ ਪਿੰਡ ਅਹਿਮਦਪੁਰ, ਗੁਰਨੇ ਕਲਾਂ, ਬੀਰੋਕੇ ਕਲਾਂ ਅਤੇ ਬੁਢਲਾਡਾ ਵਿਖੇ ਨੌਜਵਾਨਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਨਿੱਜੀ ਅਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਜਿਵੇਂ ਸਕੂਲਾਂ- ਕਾਲਜਾਂ – ਯੂਨੀਵਰਸਿਟੀਆਂ ਆਦਿ ਵਿੱਚ ਪੜਦੇ ਸਾਰੇ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਮੁਕੰਮਲ ਰੂਪ ਵਿੱਚ ਮੁਆਫ ਕੀਤੀਆਂ ਜਾਣ ਅਤੇ ਪੰਜਾਬ ਦੇ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ. ਐਸ ਐਫ ਆਈ ਅਤੇ ਡੀ ਵਾਈ ਐਫ ਆਈ ਦੇ ਸਾਬਕਾ ਸੂਬਾ ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ ਅਤੇ ਜਨਵਾਦੀ ਨੌਜਵਾਨ ਸਭਾ ਦੇ ਜਿਲਾ ਸਕੱਤਰ ਸਾਥੀ ਬਿੰਦਰ ਸਿੰਘ ਅਹਿਮਦਪੁਰ ਨੇ ਇੰਨਾਂ ਰੋਸ ਪ੍ਰਦਰਸ਼ਨਾਂ ਦੌਰਾਨ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਪਰਕੋਪ ਨੇ ਲੋਕਾਂ ਦੀ ਆਰਥਿਕਤਾ ਤੇ ਵੱਡੀ ਸੱਟ ਮਾਰੀ ਹੈ. ਸਾਰੇ ਕਾਰੋਬਾਰ ਠੱਪ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਬੇਰੁਜ਼ਗਾਰ ਹੋਏ ਹਨ. ਘਰੇਲੂ ਕਬੀਲਦਾਰੀ ਦੇ ਖਰਚੇ ਖਾਸ ਕਰਕੇ ਖਾਣ – ਪੀਣ, ਰਹਿਣ- ਸਹਿਣ ਆਦਿ ਜਿਉਂ ਦੀ ਤਿਉਂ ਹੋ ਰਹੇ ਹਨ . ਪਰ ਕਮਾਈ ਦਾ ਕੋਈ ਜ਼ਰੀਆ ਦਿੱਸਦਾ ਨਹੀਂ. ਸਗੋਂ ਖੇਤੀ ਦੇ ਨਾਲ ਸਹਾਇਕ ਧੰਦਿਆਂ ਦੁੱਧ , ਸਬਜੀਆਂ , ਪੋਲਟਰੀ , ਸ਼ਹਿਦ ਆਦਿ ਕਾਰੋਬਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਆਰਥਿਕ ਪੱਖੋਂ ਸੁਧਰਨ ਦੀ ਉਮੀਦ ਨਹੀਂ ਨਜ਼ਰ ਆ ਰਹੀ. ਆਗੂਆਂ ਨੇ ਕਿਹਾ ਕਿ ਇਹਨਾਂ ਹਾਲਤਾਂ ਵਿੱਚ ਵਿਦਿਆਰਥੀਆਂ ਵੱਲੋਂ ਫੀਸਾਂ ਦੀ ਅਦਾਇਗੀ ਕਰਨੀ ਅਸੰਭਵ ਹੈ ਇਸ ਕਰਕੇ ਪੰਜਾਬ ਸਰਕਾਰ ਵਿਦਿਅਕ ਸੈਸ਼ਨ 2020^21 ਦੇ ਸਾਰੇ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਮੁਆਫ ਕਰੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਪੰਜਾਬ ਸਰਕਾਰ ਬੇਰੁਜ਼ਗਾਰੀ ਭੱਤਾ ਦੇਵੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਅਹਿਮਦਪੁਰ , ਹਰਦੀਪ ਸਿੰਘ , ਜੁਗਰਾਜ ਸਿੰਘ , ਗੁਰਜੀਤ ਸਿੰਘ , ਰਣਜੀਤ ਸਿੰਘ , ਅੰਮਿੑਤਪਾਲ ਸਿੰਘ , ਸੋਮਾ ਸਿੰਘ ਗੁਰਨੇ , ਗੁਲਾਬ ਸਿੰਘ , ਬਿੰਦਰ ਸਿੰਘ ਬੀਰੋਕੇ , ਕੁਸ਼ਲਦੀਪ ਗੋਇਲ ਆਦਿ ਮੌਜੂਦ ਸਨ.