ਚੰਡੀਗੜ, 17 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) :ਪੰਜਾਬ ਸਰਕਾਰ ਨੇ ਸਾਲ-2021 ਲਈ ਗਜ਼ਟਿਡ ਤੇ ਰਾਖਵੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸੂਬਾ ਸਰਕਾਰ ਨੇ ਸਾਰੇ ਜਨਤਕ ਦਫ਼ਤਰਾਂ ਲਈ ਸਾਲ-2021 ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ । ਉਹਨਾਂ ਦੱਸਿਆ ਕਿ ਸਰਕਾਰੀ ਦਫ਼ਤਰ ਸ਼ਨਿੱਚਰਵਾਰ ਤੇ ਐਤਵਾਰ ਨੂੰ ਬੰਦ ਰਹਿਣਗੇ, ਕੁੱਲ 26 ਸ਼ਡਿਊਲਡ ਛੁੱਟੀਆਂ ਅਤੇ 31 ਰਾਖਵੀਆਂ ਛੁੱਟੀਆਂ ਹੋਣਗੀਆਂ ਜਿਹਨਾਂ ਵਿਚੋਂ ਕਰਮਚਾਰੀ 2 ਛੁੱਟੀਆਂ ਲੈ ਸਕਦੇ ਹਨ।ਉਨਾਂ ਅੱਗੇ ਦੱਸਿਆ ਕਿ ਉਕਤ ਛੁੱਟੀਆਂ ਤੋਂ ਇਲਾਵਾ ਸਰਕਾਰ ਨੇ ਕਰਮਚਾਰੀਆਂ ਲਈ ਨਗਰ ਕੀਰਤਨ / ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ 15 ਅੱਧੇ ਦਿਨ ( ਬਾਅਦ ਦੁਪਹਿਰ) ਦੀਆਂ ਛੁੱਟੀਆਂ ਵੀ ਸੂਚੀਬੱਧ ਕੀਤੀਆਂ ਹਨ, ਜਿਨਾਂ ਵਿਚੋਂ ਕਰਮਚਾਰੀਆਂ ਨੂੰ ਕੋਈ ਵੀ ਚਾਰ ਅੱਧੇ ਦਿਨ(ਬਾਅਦ ਦੁਪਹਿਰ) ਦੀਆਂ ਛੁੱਟੀਆਂ ਲੈਣ ਦੀ ਆਗਿਆ ਹੋਵੇਗੀ।ਉਹਨਾਂ ਅੱਗੇ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 (1881 ਦੇ ਕੇਂਦਰੀ ਐਕਟ ) ਦੀ ਧਾਰਾ 26 ਦੇ ਸਪੱਸ਼ਟੀਕਰਨ ਤਹਿਤ ਐਤਵਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ 15 ਸ਼ਡਿਊਲਡ ਛੁੱਟੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ।