
ਚੰਡੀਗੜ, ਜੁਲਾਈ 22 (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਅੱਜ ਇਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਪੰਜਾਬ ਭਵਨ ਚੰਡੀਗੜ ਵਿਖੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਿੱਤੀ ਸੰਕਟ ਵਿੱਚੋ ਕਢਣ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ।ਮੀਟੰਗ ਦੌਰਾਨ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ.ਐਸ ਘੁੰਮਣ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਉਭਰਣ ਲਈ ਵਿੱਤ ਵਿਭਾਗ ਨੂੰ ਤੁਰੰਤ 20 ਕਰੋੜ ਰੁਪਏ ਦੀ ਰਾਸ਼ੀ ਬਤੌਰ ਸਪੈਸ਼ਲ ਗ੍ਰਾਂਟ ਜਾਰੀ ਕਰਨ ਦੀ ਹਦਾਇਤ ਕੀਤੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹਦਾਇਤ ਕੀਤੀ ਗਈ ਕਿ ਸਰਕਾਰ ਵਲੋਂ ਸ੍ਰੀ ਐਮ.ਐਸ ਨਾਰੰਗ (ਆਈ.ਏ.ਐਸ ਰਿਟਾਇਰਡ) ਜਿੰਨਾਂ ਨੂੰ ਬਤੌਰ ਵਿਸ਼ੇਸ਼ ਅਧਿਕਾਰੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਸੁਧਾਰਨ ਹਿੱਤ ਵਾਇਸ ਚਾਂਸਲਰ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ ਦੀ ਸਹਾਇਤਾ ਨਾਲ ਯੂਨੀਵਰਸਿਟੀ ਵਲੋਂ ਅਗਲੀ ਮੀਟਿੰਗ ਜੋ ਕਿ ਅਗਸਤ ਮਹੀਨੇ ਦੇ ਪਹਿਲੇ ਹਫਤੇ ਰੱਖੀ ਜਾਵੇਗੀ ਦੌਰਾਨ ਆਪਣੇ ਖਰਚਿਆਂ ਨੂੰ ਘਟਾਉਣ ਲਈ ਠੋਸ ਉਪਾਅ/ਸੁਝਾਅ ਦਿੱਤੇ ਜਾਣ।ਇਹ ਵੀ ਹਦਾਇਤ ਕੀਤੀ ਕੀ ਗਈ ਕਿ ਉਸ ਵਿੱਚ ਯੂਨੀਵਰਸਿਟੀ ਵਲੋਂ ਇਕ ਮੁਕਮੰਲ ਅਤੇ ਸਵੈ-ਸਪੱਸ਼ਟ ਰੋਡ ਮੈਪ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਮੁੜ ਲੀਹ ਤੇ ਲੈ ਕੇ ਆਉਣ ਲਈ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਵਲੋਂ ਪੇਸ਼ ਕੀਤਾ ਜਾਵੇ। ਅਗਲੀ ਮੀਟਿੰਗ ਤੋਂ ਦੌਰਾਨ ਯੂਨੀਵਰਸਿਟੀ ਵਲੋਂ ਕਿੰਨੇ ਵਿੱਤੀ ਸਾਧਨ ਜੁਟਾਏ ਗਏ ਹਨ ਬਾਰੇ ਵੀ ਰਿਪੋਰਟ ਪੇਸ਼ ਕੀਤੀ ਜਾਵੇ। ਮੀਟਿੰਗ ਦੌਰਾਨ ਆਡੀਟਰ ਜਨਰਲ ਪੰਜਾਬ ਦੀ ਰਿਪੋਰਟ ’ਤੇ ਵੀ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਠੋਸ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਕਿਹਾ ਗਿਆ।ਇਹ ਵੀ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਵਿੱਤੀ, ਅਕਾਦਮਿਕ ਅਤੇ ਇਮਤਿਹਾਨਾਂ ਸਬੰਧੀ ਜਿਸ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਦੀ ਰੈਸ਼ਨਲਾਇਜਸ਼ਨ ਵੀ ਸ਼ਾਮਿਲ ਹੈ ਸਬੰਧੀ ਸੁਧਾਰ ਲਿਆਉਣ ਦੀ ਸਥਿਤੀ ਵਿੱਚ ਹੀ ਯੂਨੀਵਰਸਿਟੀ ਨੂੰ ਹੋਰ ਵਿੱਤੀ ਸਹਾਇਤ ਦੇਣ ਤੇ ਵਿਚਾਰ ਕੀਤਾ ਜਾਵੇਗਾ।ਇਨਾਂ ਸਾਰੀਆਂ ਮੁੱਦਿਆ ਤੇ ਫੈਸਲਾ ਲੈਣ ਲਈ ਸਿੰਡੀਕੇਟ ਦੀ ਮੀਟਿੰਗ ਵੀ ਜਲਦ ਤੋਂ ਜਲਦ ਬੁਲਾਉਣ ਲਈ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਗਈ। ਇਸ ਮੌਕੇ ਇਹ ਵੀ ਫੈਸਲਾ ਲਿਆ ਗਿਆ ਕਿ ਯੂਨੀਵਰਸਿਟੀ ਆਪਣੇ ਕੈਂਪਸ ਅਤੇ ਆਪਣੇ ਨਾਲ ਸਬੰਧਤ ਕਾਲਜਾਂ ਵਿੱਚ ਤੁਰੰਤ ਦਾਖਲੇ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਮੀਟਿੰਂਗ ਦੌਰਾਨ ਡਾ. ਘੁੰਮਣ ਵਲੋਂ ਯੂਨੀਵਰਸਿਟੀ ਦੀ ਮਾੜੀ ਵਿੱਤੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਲਵੇ ਦੀ ਸਿਰਮੌਰ ਯੂਨੀਵਰਸਿਟੀ ਦੀ ਇਸ ਸੰਕਟ ਦੀ ਘੜੀ ਵਿੱਚ ਮਦਦ ਕਰੇ ਤਾਂ ਜੋ ਕਿ ਯੂਨੀਵਰਸਿਟੀ ਦੇ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨ ਆਦਿ ਦੇ ਬਕਾਏ ਅਦਾ ਕੀਤੇ ਜਾ ਸਕਣ।
