
ਸਰਦੂਲਗੜ੍ਹ/ਮਾਨਸਾ, 27 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੇ ਨਾਲ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਕਰੰਡੀ, ਬਹਿਣੀਵਾਲ, ਨੰਗਲ ਕਲਾਂ ਅਤੇ ਜੌੜਕੀਆਂ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਘੱਟ ਸਮੇਂ ਅੰਦਰ ਸੈਂਕੜੇ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਰਾਜ ਸਰਕਾਰ ਦਾ ਸ਼ਲਾਘਾਯੋਗ ਕਾਰਜ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਅਤਿ ਆਧੁਨਿਕ ਤਰੀਕੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਮਰੀਜ਼ਾਂ ਦਾ ਸਾਰਾ ਰਿਕਾਰਡ ਆਨਲਾਈਨ ਪੋਰਟਲ ’ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਬੁਰਜ਼ ਹਰੀ ਅਤੇ ਰੜ੍ਹ ਵਿਖੇ ਪਹਿਲਾ ਤੋਂ ਆਮ ਆਦਮੀ ਕਲੀਨਿਕ ਚਲ ਰਹੇ ਹਨ, ਜਿੱਥੇ ਹਜ਼ਾਰਾਂ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ ਅਤੇ ਦਿਨ ਪ੍ਰਤੀ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ 45 ਟੈਸਟ ਅਤੇ 80 ਤਰ੍ਹਾਂ ਦੀਆਂ ਦਵਾਈਆਂ ਬਿਲਕੁੱਲ ਮੁਫ਼ਤ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪਹਿਲਾ ਤੋਂ 100 ਆਮ ਆਦਮੀ ਕਲੀਨਿਕ ਚਲ ਰਹੇ ਹਨ ਅਤੇ ਸੂਬੇ ਵਿੱਚ 400 ਹੋਰ ਕਲੀਨਿਕ ਚਾਲੂ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਗਿਣਤੀ ਹੁਣ ਸੂਬੇ ਅੰਦਰ 500 ਹੋ ਗਈ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਤਹਿ ਦਿਲ ਤੋਂ ਹਲਕੇ ਅੰਦਰ 4 ਆਮ ਆਦਮੀ ਕਲੀਨਿਕ ਖੋਲਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਚਲ ਰਹੇ 100 ਆਮ ਆਦਮੀ ਕਲੀਨਿਕਾਂ ਤੋਂ ਕਰੀਬ 10 ਲੱਖ ਤੋਂ ਵਧੇਰੇ ਲੋਕ ਲਾਭ ਲੈ ਚੁੱਕੇ ਹਨ।
ਇਸ ਮੌਕੇ ਐਸ.ਡੀ.ਐਮ ਸਰਦੂਲਗੜ੍ਹ ਪੂਨਮ ਸਿੰਘ, ਐਸ.ਐਮ.ਓ ਵੇਦ ਪ੍ਰਕਾਸ਼, ਬੀ.ਡੀ.ਪੀ.ਓ. ਪਰਮਜੀਤ ਸਿੰਘ, ਐਸ.ਡੀ.ਓ. ਵਾਟਰ ਵਰਕਸ ਕਰਮਜੀਤ ਸਿੰਘ, ਜੇ.ਈ. ਮੰਡੀ ਬੋਰਡ, ਗੁਲਾਬ ਸਿੰਘ, ਖੁਸ਼ਦੀਪ ਸਿੰਘ, ਐਕਸੀਅਨ ਬੀ ਐਂਡ ਆਰ ਅਜੇ ਸਿੰਗਲਾ, ਡਾ. ਨੀਰੂ ਗੋਇਲ, ਫਾਰਮਾਸਿਸਟ ਕਰਮਜੀਤ ਸਿੰਘ, ਡਾ. ਵਿਕਾਸ ਕੁਮਾਰ, ਡਾ. ਰੁਚੀ ਸ਼ਰਮਾ, ਡਾ. ਮਮਤਾ, ਐਸ.ਐਚ.ਓ ਯਾਦਵਿੰਦਰ ਸਿੰਘ, ਐਸ.ਆਈ. ਅਮਰੀਕ ਸਿੰਘ, ਐਸ.ਐਚ.ਓ. ਬਿਕਰਮਜੀਤ ਸਿੰਘ ਹਾਜ਼ਰ ਸਨ।
