
ਬਠਿੰਡਾ (ਸਾਰਾ ਯਹਾ, ਬਲਜੀਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਨਾਲ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ‘ਚ ਫਸੇ ਹੋਏ ਪੰਜਾਬ ਦੇ 152 ਵਿਦਿਆਰਥੀ ਅੱਜ ਵਾਪਸ ਪੰਜਾਬ ਪਰਤੇ। ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬਾਰਡਰ ‘ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਲਈ ਰਵਾਨਾ ਕੀਤਾ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਿਵਾਸਨ ਨੇ ਦੱਸਿਆ ਕਿ ਬੱਸਾਂ ‘ਚ ਆਏ ਵਿਦਿਆਰਥੀਆਂ ਦੇ ਮੈਡੀਕਲ ਚੈਕਅੱਪ ਤੋਂ ਇਲਾਵਾ ਇਨ੍ਹਾਂ ਨੂੰ ਨਾਸਤਾ ਦਿੱਤਾ ਗਿਆ। ਇੱਥੋਂ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਇਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜਿ਼ਲ੍ਹਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਘਰ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕਰਨ ਤੇ ਪੀਆਰਟੀਸੀ ਦੀਆਂ ਬੱਸਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ।

ਬਠਿੰਡਾ ਰਾਸਤੇ ਪੰਜਾਬ ਪਰਤੇ ਇਨ੍ਹਾਂ ਵਿਦਿਆਰਥੀਆਂ ‘ਚ ਬਠਿੰਡੇ ਦੇ 24 ਵਿਦਿਆਰਥੀ, ਬਰਨਾਲਾ ਦਾ ਇੱਕ, ਲੁਧਿਆਣਾ ਦੇ 25, ਹੁਸਿ਼ਆਰਪੁਰ ਦੋ, ਤਰਨਤਾਰਨ ਇੱਕ, ਅੰਮ੍ਰਿਤਸਰ ਨੌਂ, ਗੁਰਦਾਸਪੁਰ 13, ਪਠਾਨਕੋਟ 16, ਫਰੀਦਕੋਟ ਦੋ, ਫਿਰੋਜ਼ਪੁਰ ਛੇ, ਮੁਕਤਸਰ ਦੋ, ਫਾਜਿ਼ਲਕਾ 14, ਮੋਗਾ ਇੱਕ, ਜਲੰਧਰ 10, ਕਪੂਰਥਲਾ ਚਾਰ, ਮਾਨਸਾ ਪੰਜ, ਸੰਗਰੂਰ ਦੋ, ਪਟਿਆਲਾ ਚਾਰ, ਫਤਿਹਗੜ੍ਹ ਸਾਹਿਬ ਤਿੰਨ, ਰੁਪਨਗਰ ਦੋ, ਮਪਹਾਲੀ ਦੋ ਤੇ ਚੰਡੀਗੜ੍ਹ ਦੇ ਚਾਰ ਵਿਦਿਆਰਥੀ ਸ਼ਾਮਲ ਹਨ।
