ਪੰਜਾਬ ਸਰਕਾਰ ਨੇ ਕੋਰੋਨਾ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਮਿਥੀ ਫੀਸ

0
117

ਚੰਡੀਗੜ੍ਹ  , 16 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਖ਼ਰਚੇ ਦੀ ਹੱਦ ਤੈਅ ਕਰ ਦਿੱਤੀ ਹੈ। ਇਸ ਫੈਸਲੇ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ ਗਿਆ।

ਸਧਾਰਨ ਬੁਖਾਰ ਜਿਸ ਵਿੱਚ ਆਈਸੋਲੇਸ਼ਨ ਬੈੱਡਜ਼ ਦੀ ਲੋੜ ਪੈਂਦੀ ਹੋਵੇ ਤੇ ਜਿਸ ਵਿੱਚ ਸਾਂਭ-ਸੰਭਾਲ ਤੇ ਆਕਸੀਜ਼ਨ ਵੀ ਸ਼ਾਮਲ ਹੋਵੇ, ਲਈ ਦਾਖਲ ਹੋਣ ਤੋਂ ਬਾਅਦ ਪ੍ਰਤੀ ਦਿਨ ਦੇ ਖਰਚੇ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ਐਨਬੀਈ ਦੇ ਟੀਚਿੰਗ ਪ੍ਰੋਗਰਾਮ ਵਾਲੇ ਐਨਏਬੀਐਚ ਪ੍ਰਾਈਵੇਟ ਹਸਪਤਾਲਾਂ ਲਈ 10,000 ਰੁਪਏ ਦੇ ਹਿਸਾਬ ਨਾਲ ਤੈਅ ਕੀਤੇ ਗਏ ਹਨ ਜਦਕਿ ਐਨਏਬੀਐਚ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ (ਨਿੱਜੀ ਮੈਡੀਕਲ ਕਾਲਜਾਂ ਜਿਨ੍ਹਾਂ ਵਿੱਚ ਪੀਜੀ/ਡੀਐਨਬੀ ਕੋਰਸ ਨਹੀਂ ਹੈ ਸਮੇਤ) ਹਸਪਤਾਲਾਂ ਲਈ 9,000 ਰੁਪਏ ਤੇ ਐਨ.ਏ.ਬੀ.ਐਚ. ਤੋਂ ਗੈਰ-ਮਨਜੂਰਸ਼ੁਦਾ ਹਸਪਤਾਲਾਂ ਲਈ 8,000 ਰੁਪਏ ਦੀ ਹਿਸਾਬ ਨਾਲ ਤੈਅ ਕੀਤੇ ਗਏ ਹਨ।

ਇਨ੍ਹਾਂ ਸ਼੍ਰੇਣੀਆਂ ਦੇ ਹਸਪਤਾਲਾਂ ਲਈ ਗੰਭੀਰ ਬੁਖਾਰ ਜਿਸ ‘ਚ ਆਈਸੀਯੂ ਵਿੱਚ ਪਰ ਵੈਂਟੀਲੇਟਰ ਦੀ ਲੋੜ ਤੋਂ ਬਗੈਰ ਲਈ ਕ੍ਰਮਵਾਰ 15 ਹਜ਼ਾਰ, 14 ਹਜ਼ਾਰ ਤੇ 13 ਹਜ਼ਾਰ ਰੁਪਏ ਤੱਕ ਹੱਦ ਤੈਅ ਕੀਤੀ ਗਈ ਹੈ ਜਦਕਿ ਬਹੁਤ ਹੀ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਲਈ ਇਹ ਦਰਾਂ ਕ੍ਰਮਵਾਰ 18 ਹਜ਼ਾਰ, 16500 ਤੇ 15 ਹਜ਼ਾਰ ਨਿਰਧਾਰਤ ਕੀਤੀਆਂ ਗਈਆਂ ਹਨ। ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਾਰੀਆਂ ਕੀਮਤਾਂ ਵਿੱਚ ਪੀਪੀਈ ਦੀ ਕੀਮਤ ਵੀ ਸ਼ਾਮਲ ਕੀਤੀ ਗਈ ਹੈ।

ਨਿੱਜੀ ਹਸਪਤਾਲਾਂ ਨੂੰ ਮਾਮੂਲੀ ਬੁਖਾਰ ਦੇ ਮਾਮਲਿਆਂ ਦੇ ਇਲਾਜ ਲਈ ਹੱਲਾਸ਼ੇਰੀ ਦੇਣ ਹਿੱਤ ਡਾ. ਤਲਵਾਰ ਕਮੇਟੀ ਨੇ ਅਜਿਹੇ ਕੇਸਾਂ ਲਈ ਪ੍ਰਤੀ ਦਿਨ ਦਾਖਲਾ ਫੀਸ ਕ੍ਰਮਵਾਰ 6500 ਰੁਪਏ, 5500 ਰੁਪਏ ਤੇ 4500 ਰੁਪਏ ਤੈਅ ਕੀਤੀ ਹੈ।

ਸਰਕਾਰ ਵੱਲੋਂ ਇਹ ਕਦਮ ਕੋਵਿਡ ਦੇ ਇਲਾਜ ਸਬੰਧੀ ਨਿੱਜੀ ਹਸਪਤਾਲਾਂ ਵੱਲੋਂ ਵਸੂਲ ਕੀਤੇ ਜਾਂਦੇ ਹੱਦੋਂ ਵੱਧ ਖਰਚਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਮੁੱਖ ਮੰਤਰੀ ਨੂੰ ਨਿੱਜੀ ਤੌਰ ‘ਤੇ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਡਾ. ਤਲਵਾਰ ਕਮੇਟੀ ਅਤੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਮਗਰੋਂ ਵਾਜਬ ਕੀਮਤਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here