ਪੰਜਾਬ ਸਰਕਾਰ ਨੇ ਇੱਕ ਲੱਖ ਦਸ ਹਜ਼ਾਰ ਪਰਵਾਸੀ ਨੂੰ ਆਪਣੇ ਆਪਣੇ ਸੂਬਿਆਂ ’ਚ ਭੇਜਣ ਲਈ ਸਹੂਲਤ ਮੁਹੱਈਆ ਕਰਵਾਈ

0
38

ਚੰਡੀਗੜ੍ਹ- 13 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) :ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਨੂੰ ਆਪਣੇ ਆਪਣੇ ਸੂਬਿਆਂ ਵਿੱਚ ਪਹੁੰਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਹੇਠ ਹੁਣ ਤੱਕ 90 ਰੇਲ ਗੱਡੀਆਂ ਦੇ ਰਾਹੀਂ ਕੁੱਲ 1,10,000 ਪਰਵਾਸੀ ਉਨ੍ਹਾਂ ਦੇ ਸੂਬਿਆਂ ਨੂੰ ਭੇਜੇ ਗਏ ਹਨ। ਇਸ ਕਾਰਜ ’ਤੇ ਸੂਬਾ ਸਰਕਾਰ ਨੇ ਹੁਣ ਤੱਕ 6 ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ ਖਰਚੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸੂਬੇ ਦੇ ਨੋਡਲ ਅਫਸਰ ਰੇਲਵੇ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪਰਵਾਸੀਆਂ ਦੀ ਘਰ ਵਾਪਸੀ ਨੂੰ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਅਤੇ ਅੰਬਾਲਾ ਡਵੀਜ਼ਨ ਦੇ ਸਹਿਯੋਗ ਦੇ ਨਾਲ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਪਹੁੰਚਾਉਣ ਲਈ 15 ਹੋਰ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਰੇਲ ਗੱਡੀਆਂ ਲੁਧਿਆਣਾ ਤੋਂ ਜਾ ਰਹੀਆਂ ਹਨ। ਇਥੋਂ 36 ਗੱਡੀਆਂ ਪਰਵਾਸੀਆਂ ਨੂੰ ਲੈ ਕੇ ਉਨ੍ਹਾਂ ਦੇ ਸੂਬਿਆਂ ਵਿੱਚ ਗਈਆਂ ਹਨ। ਇਸੇ ਤਰ੍ਹਾਂ ਹੀ 31 ਗੱਡੀਆਂ ਜਲੰਧਰ ਤੋਂ ਪਰਵਾਸੀਆਂ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ, ਮੋਹਾਲੀ, ਬਠਿੰਡਾ, ਸਰਹਿੰਦ ਆਦਿ ਸ਼ਹਿਰਾਂ ਤੋਂ ਵੀ  ਰੇਲ ਗੱਡੀਆਂ ਪਰਵਾਸੀਆਂ ਨੂੰ ਲੈ ਕੇ ਉਨ੍ਹਾਂ ਦੇ ਸੂਬਿਆਂ ਨੂੰ ਗਈਆਂ ਹਨ ਅਤੇ ਆਉਦੇ ਦਿਨਾਂ ਦੌਰਾਨ ਫਿਰੋਜ਼ਪੁਰ ਕੈਂਟ, ਦੋਰਾਹਾ ਆਦਿ ਸ਼ਹਿਰਾਂ ਤੋਂ ਵੀ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ ਉਨ੍ਹਾਂ ਦੇ ਸੂਬਿਆਂ ਨੂੰ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਸਭ ਤੋਂ ਵੱਧ ਗੱਡੀਆਂ ਉੱਤਰ ਪ੍ਰਦੇਸ਼ ਨੂੰ ਜਾ ਰਹੀਆਂ ਹਨ ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਗੱਡੀਆਂ ਗਈਆਂ ਹਨ। ਪੰਜਾਬ ਸਰਕਾਰ ਪਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਛੱਤੀਸਗੜ੍ਹ, ਮਨੀਪੁਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨੂੰ ਵੀ ਰੇਲ ਗੱਡੀਆਂ ਚਲਾ ਰਹੀ ਹੈ।

ਸ੍ਰੀ ਵਿਕਾਸ ਪ੍ਰਤਾਪ ਸਿੰਘ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਸੂਬਿਆਂ ਲਈ ਨੋਡਲ ਅਫਸਰ ਨਿਯੁਕਤ ਕੀਤੇ ਹਨ ਜੋ ਕਿ ਪਰਵਾਸੀਆਂ ਦੀ ਵਾਪਸੀ ਲਈ ਸਹੂਲਤ ਪ੍ਰਦਾਨ ਕਰਨ ਵਾਸਤੇ ਸਰਗਰਮੀ ਦੇ ਨਾਲ ਉਨ੍ਹਾਂ ਸੂਬਿਆਂ ਦੇ ਆਪਣੇ ਹਮਰੁਤਬਾ ਦੇ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੇ ਪਰਵਾਸੀਆਂ ਦੀ ਲਾਜ਼ਮੀ ਸਕਰੀਨਿੰਗ ਦੇ ਲਈ ਟੀਮਾਂ ਦਾ ਗਠਨ ਕੀਤਾ ਹੈ।  ਸਿਰਫ ਉਹ ਹੀ ਗੱਡੀਆਂ ਵਿੱਚ ਜਾਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਬਿਮਾਰੀ ਦੇ ਲੱਛਣ ਨਹੀਂ ਹਨ।

———————-

LEAVE A REPLY

Please enter your comment!
Please enter your name here