ਪੰਜਾਬ ਸਰਕਾਰ ਨਾਲ ਧੋਖਾਧੜੀ ਕਰਨ ਵਾਲੇ ਰੋਹਿਤ ਜੈਨ ਵਿਰੁੱਧ ਮਾਮਲਾ ਦਰਜ : ਆਸ਼ੂ

0
57

ਚੰਡੀਗੜ, 8 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ):  ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀ ਮੰਡੀ ਵਿਚ ਐਮ.ਐਸ.ਪੀ. ਤੇ ਵੇਚ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰਨ ਵਾਲੇ ਰੋਹਿਤ ਜੈਨ ਉਰਫ਼ ਲਾਡਾ ਅਤੇ ਹੋਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਪੁਲਿਸ ਵਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸਿਫਾਰਸ਼ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।ਸ੍ਰੀ ਆਸ਼ੂ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਜੀ.ਟੀ.ਡੀ. ਰੋਡ ‘ਤੇ ਸਥਿਤ ਵਾਟਸਨ ਇੰਜੀਨੀਰਿੰਗ ਵਰਕਸ ਨਾਮ ਦੇ ਗੁਦਾਮ ਵਿੱਚ ਦੂਜੇ ਰਾਜਾਂ ਤੋਂ ਲਿਆ ਕੇ ਝੋਨਾ ਸਟੋਰ ਕੀਤਾ ਗਿਆ ਹੈ ਜ਼ੋ ਸੂਬੇ ਦੀਆਂ ਮੰਡੀਆਂ ਵਿੱਚ  ਐਮ.ਐਸ.ਪੀ. ‘ ਤੇ  ਵੇਚ ਕੇ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ ਜਾਣਾ ਹੈ ਜਿਸ ‘ਤੇ ਉਨਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਗਈ ਜਿਸ ਵਲੋਂ ਉਕਤ ਗੁਦਾਮ ਵਿੱਚ ਛਾਪਾ ਮਾਰਕੇ 40 ਕਿਲੋ ਭਰਤੀ ਦੇ 3399 ਝੋਨੇ ਦੇ ਥੈਲੇ ਬਰਾਮਦ ਕੀਤੇ ਗਏ ਅਤੇ ਜਿਨਾਂ ਬੋਰੀਆਂ ਵਿੱਚ ਇਹ ਝੋਨਾ ਰੱਖਿਆ ਗਿਆ ਸੀ ਉਨਾਂ ‘ਤੇ ਉਤਰ ਪ੍ਰਦੇਸ਼ ਅਤੇ ਬਿਹਾਰ ਦੇ  ਮਾਰਕਾ ਲੱਗਾ ਹੋਇਆ ਸੀ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਗੁਦਾਮ ਤੋਂ ਕੁਝ ਹੋਰ ਦਸਤਾਵੇਜ਼ ਵੀ ਮਿਲੇ ਹਨ ਜਿਨਾਂ ਵਿਚ ਝੋਨਾ ਦੂਜੇ ਗੁਦਾਮਾਂ ਨੂੰ ਭੇਜਣ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਜਾਣਕਾਰੀ ਦਰਜ ਕੀਤੀ ਗਈ ਸੀ।ਸ੍ਰੀ ਆਸ਼ੂ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਹੁਣ ਤੱਕ ਦੂਸਰੇ ਰਾਜਾਂ ਝੋਨਾ ਲਿਆ ਕੇ ਪੰਜਾਬ ਵੇਚਣ ਦੇ ਮਾਮਲੇ ਵਿਚ 96 ਵਪਾਰੀਆਂ ਅਤੇ ਡਰਾਈਵਰਾਂ ਵਿਰੁੱਧ ਵੀ ਕੇਸ ਦਰਜ ਕਰਵਾਏ ਜਾ ਚੁੱਕੇ ਹਨ।ਉਨਾਂ ਕਿਹਾ ਕਿ ਬੋਗਸ ਬਿਲਿੰਗ ਰਾਹੀਂ ਪੰਜਾਬ ਸਰਕਾਰ ਨੂੰ ਚੂਨਾ ਲਾਉਣ ਦੀ ਕਾਰਵਾਈ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here