
ਮਾਨਸਾ 3 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ) ਪੰਜਾਬ ਸਰਕਾਰ ਦੇ ਜ਼ੇਲ੍ਹ ਮਹਿਕਮੇ ਵੱਲੋਂ ਮਾਨਸਾ ਦੀ ਜ਼ਿਲ੍ਹਾ ਜ਼ੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਕੁਮਾਰ ਰਾਹੁਲ, (ਆਈਏਐਸ) ਸਕੱਤਰ, ਪੰਜਾਬ ਸਰਕਾਰ, ਜੇਲ੍ਹ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਦੱਸਿਆ ਗਿਆ ਹੈ ਕਿ ਅਰਵਿੰਦਰ ਪਾਲ ਭੱਟੀ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਮਾਨਸਾ ਨੂੰ ਡੀਆਈਜੀ ਜ਼ੇਲ੍ਹ ਹੈੱਡ ਕੁਆਰਟਰ ਵੱਲੋਂ ਕੀਤੀ ਗਈ ਮੁੱਢਲੀ ਰਿਪੋਰਟ 18 ਸਤੰਬਰ 2023 ਦੇ ਸਨਮੁੱਖ ਆਪਣੀ ਡਿਊਟੀ ਪ੍ਰਤੀ ਅਣਗਹਿਲੀ/ਲਾਪ੍ਰਵਾਹੀ ਕਰਨ ਸਦਕਾ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ ਦੇ ਨਿਯਮ 4 (ਏ) ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ। ਇਸ ਪੱਤਰ ਅਨੁਸਾਰ ਉਪਰੋਕਤ ਇਲਾਵਾ ਅਧਿਕਾਰੀ ਦੀ ਥਾਂ ’ਤੇ ਇਕਬਾਲ ਸਿੰਘ ਬਰਾੜ ਡਿਪਟੀ ਸੁਪਰਡੈਂਟ ਗ੍ਰੇਡ 2 ਤੋਂ ਬਗੈਰ ਆਪਣਾ ਹੈੱਡ ਕੁਆਰਟਰ ਨਹੀਂ ਛੱਡੇਗਾ।
ਭਾਵੇਂਕਿ ਮਾਨਸਾ ਜ਼ੇਲ੍ਹ ਉਸ ਸਮੇਂ ਸੁਰਖੀਆਂ ‘ਚ ਆਈ ਸੀ, ਜਦ ਜ਼ੇਲ੍ਹ ’ਚੋਂ ਰਿਹਾਅ ਹੋਏ ਇੱਕ ਵਿਅਕਤੀ ਸੁਭਾਸ਼ ਕੁਮਾਰ ਅਰੋੜਾ ਵੱਲੋਂ ਮਾਨਸਾ ਜ਼ੇਲ੍ਹ ਅਧਿਕਾਰੀਆਂ ‘ਤੇ ਪੈਸੇ ਲੈ ਕੇ ਜ਼ੇਲ੍ਹ ਬੰਦ ਕੈਦੀਆਂ ਨੂੰ ਕਈ ਤਰ੍ਹਾਂ ਸਹੂਲਤਾਂ ਦੇਣ ਦੇ ਦੋਸ਼ ਲਾਏ ਸਨ । ਉਨ੍ਹਾਂ ਮਾਨਸਾ ਦੇ ਐਸ ਐਸ ਪੀ ਡਾ ਨਾਨਕ ਸਿੰਘ ਕੋਲ ਕੀਤੀ ਸ਼ਿਕਾਇਤ ਵਿਚ ਵੀ ਕਿਹਾ ਸੀ ਕਿ ਕੈਦੀਆਂ ਨੂੰ ਨਸ਼ੇ, ਮੋਬਾਇਲ ਉਪਲੱਬਧ ਕਰਵਾਏ ਜਾਣ ਅਤੇ ਵਿਸ਼ੇਸ਼ ਬੈਰਕ ‘ਚ ਰੱਖੇ ਜਾਣ ਦੇ ਮਾਮਲੇ ਇਸ ਜੇਲ੍ਹ ਵਿਚ ਆਮ ਹੀ ਹਨ, ਜਿਸ ਬਾਅਦ ਜੇਲ੍ਹ ਵਿਭਾਗ ਦੁਆਰਾ ਇਸ ਮਾਮਲੇ ‘ਚ ਮੁੱਢਲੀ ਜਾਂਚ ਦੌਰਾਨ ਸਹਾਇਕ ਜ਼ੇਲ੍ਹ ਸੁਪਰਡੈਂਟ ਭਿਵਮਤੋਜ ਸਿੰਗਲਾ, ਸਹਾਇਕ ਸੁਰਪਡੈਂਟ ਕੁਲਜੀਤ ਸਿੰਘ ਦੇ ਇਲਾਵਾ ਜ਼ੇਲ੍ਹ ਵਾਰਡਰ ਹਰਪ੍ਰੀਤ ਸਿੰਘ, ਸੁਖਵੰਤ ਸਿੰਘ, ਨਿਰਮਲ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸਸਪੈਂਟ ਕਰ ਦਿੱਤਾ ਗਿਆ ਸੀ। ਬਾਅਦ ਆਈਜੀ ਰੂਪ ਕੁਮਾਰ ਅਰੋੜਾ ਦੁਆਰਾ ਇਸ ਮਾਮਲੇ ’ਚ ਕੀਤੀ ਗਈ ਜਾਂਚ ਦੇ ਜ਼ਿਲ੍ਹਾ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮਤੋਜ ਸਿੰਗਲਾ, ਸਹਾਇਕ ਕੁਲਜੀਤ ਸਿੰਘ, ਫਾਰਮੇਸੀ ਅਫ਼ਸਰ ਸੰਦੀਪ ਸਿੰਘ ਦੇ ਇਲਾਵਾ ਹਵਾਲਾਤੀ ਅਮਰਜੀਤ ਸਿੰਘ, ਕੈਦੀ ਅੰਕੁਰ ਮਹਿਤਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਨੂੰ ਮੁਅਤਲ ਕਰ ਦਿੱਤਾ ਗਿਆ ਹੈ
