ਮਾਨਸਾ, 29 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲਗਾਏ ਕਰਫਿਊ ਦੌਰਾਨ ਸੂਬੇ ਦੇ ਕਈ ਵਿਅਕਤੀ ਬਾਹਰਲੇ ਰਾਜਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰ ਦੇ ਉਪਰਾਲਿਆਂ ਸਦਕਾ ਮਾਨਸਾ ਜ਼ਿਲ੍ਹੇ ਨਾਲ ਸਬੰਧਤ 40 ਮਜ਼ਦੂਰਾਂ ਨੂੰ ਰਾਜਸਥਾਨ ਤੋਂ ਵਾਪਸ ਮਾਨਸਾ ਲਿਆਂਦਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਮਾਨਸਾ ਜ਼ਿਲ੍ਹੇ ਦੇ 40 ਮਜ਼ਦੂਰ ਰਾਜਸਥਾਨ ਵਿਖੇ ਫੱਸ ਗਏ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਵਾਪਸ ਮਾਨਸਾ ਵਿਖੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਵਿੱਚ ਮਾਨਸਾ ਸਬ-ਡਵੀਜ਼ਨ ਨਾਲ ਸਬੰਧਤ 5, ਬੁਢਲਾਡਾ ਸਬ-ਡਵੀਜ਼ਨ ਨਾਲ ਸਬੰਧਤ 14 ਅਤੇ ਸਰਦੂਲਗੜ੍ਹ ਸਬ-ਡਵੀਜ਼ਨ ਨਾਲ ਸਬੰਧਤ 21 ਮਜ਼ਦੂਰ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਹ ਮਜ਼ਦੂਰ 28 ਤੇ 29 ਅਪ੍ਰੈਲ 2020 ਦੀ ਦਰਮਿਆਨੀ ਰਾਤ ਨੂੰ 2 ਵਜੇ ਮਾਨਸਾ ਵਿਖੇ ਪਹੁੰਚੇ ਜਿੱਥੇ ਇਨ੍ਹਾਂ ਨੂੰ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਰਿਸੀਵ ਕੀਤਾ, ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬਾਹਰੋਂ ਪਰਤੇ ਮਜ਼ਦੂਰਾਂ ਨੂੰ ਰਿਸੀਵ ਕਰਨ, ਸਕਰੀਨਿੰਗ ਕਰਵਾਉਣ ਅਤੇ ਉਨ੍ਹਾਂ ਨੂੰ ਠਹਿਰਾਅ ਵਾਲੇ ਸਥਾਨ ‘ਤੇ ਛੱਡਣ ਲਈ ਸਹਾਇਕ ਕਮਿਸ਼ਨਰ ਸ਼੍ਰੀ ਨਵਦੀਪ ਕੁਮਾਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਜੋ ਉਨ੍ਹਾਂ ਵੱਲੋਂ ਬਾਖ਼ੂਬੀ ਨਿਭਾਈ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਦੇ ਕੋਟਾ ਵਿੱਚ ਫਸੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 5 ਵਿਦਿਆਰਥੀਆਂ ਨੂੰ ਵੀ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਮਾਨਸਾ ਵਿਖੇ ਲਿਆਂਦਾ ਗਿਆ ਹੈ।
ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਇਹ ਮਜ਼ਦੂਰ ਰਾਜਸਥਾਨ ਤੋਂ ਮਾਨਸਾ 3 ਸ਼ਿਫਟਾਂ ਵਿੱਚ ਆਏ ਜੋ ਕਿ ਰਾਤ ਨੂੰ 2 ਵਜੇ ਤੋਂ ਸਵੇਰੇ 7 ਵਜੇ ਤੱਕ ਆਉਂਦੇ ਰਹੇ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਇਨ੍ਹਾਂ ਮਜ਼ਦੂਰਾਂ ਨੂੰ ਰਿਸੀਵ ਕਰਨ ਉਪਰੰਤ ਸਿੱਧਾ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਨ ਉਪਰੰਤ ਇਨ੍ਹਾਂ ਮਜ਼ਦੂਰਾਂ ਨੂੰ ਮਾਨਸਾ ਦੇ ਰਾਧਾ ਸੁਆਮੀ ਡੇਰਾ ਵਿਖੇ ਲਿਜਾਇਆ ਗਿਆ, ਜਿੱਥੇ ਇਨ੍ਹਾਂ ਦੇ ਰਹਿਣ ਅਤੇ ਰਿਫਰੈਸ਼ਮੈਂਟ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਰਾਜਸਥਾਨ ਤੋਂ ਆਏ ਇਨ੍ਹਾਂ 40 ਮਜ਼ਦੂਰਾਂ ਨੂੰ ਰਾਧਾ ਸੁਆਮੀ ਡੇਰਾ ਮਾਨਸਾ ਵਿਖੇ ਆਰਜੀ ਤੌਰ ‘ਤੇ ਰੱਖਿਆ ਗਿਆ ਹੈ, ਤਾਂ ਜੋ ਕੋਰੋਨਾ ਵਾਇਰਸ ਫੈਲਣ ਦੀ ਕੋਈ ਸੰਭਾਵਨਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਸਕਰੀਨਿੰਗ ਦੌਰਾਨ ਸਾਰੇ ਹੀ ਵਿਅਕਤੀ ਤੰਦਰੁਸਤ ਪਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੀ ਸਬੰਧਤ ਸਬ-ਡਵੀਜ਼ਨ ਵਿਖੇ ਭੇਜ ਦਿੱਤਾ ਜਾਵੇਗਾ, ਜਿੱਥੇ ਸਬੰਧਤ ਐਸ.ਡੀ.ਐਮ. ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣਗੇ।
ਇਸ ਮੌਕੇ ਰਾਜਸਥਾਨ ਤੋਂ ਵਾਪਸ ਪਰਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਹ ਵਾਪਸ ਆਪਣੇ ਘਰ ਆ ਪਾਏ ਹਨ।