
ਮਾਨਸਾ, 30 ਮਈ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2023 ਦੇ 8ਵੀਂ, 10ਵੀਂ ਅਤੇ 12ਵੀਂ ਦੇ ਐਲਾਨੇ ਨਤੀਜਿਆਂ ਵਿੱਚੋਂ ਪਹਿਲੇ, ਦੂਜੇ, ਤੀਜੇ ਨੰਬਰ ਅਤੇ ਮੈਰਿਟ ਵਿੱਚ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਮਾਨਸਾ ਅਤੇ ਸਿੱਖਿਆ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਸ਼੍ਰੀ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਹਿਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸਿੱਖਿਆ ਖੇਤਰ ਵਿੱਚ ਕਈ ਇਨਕਲਾਬੀ ਤਬਦੀਲੀਆਂ ਆਈਆਂ ਹਨ ਅਤੇ ਪਿਛਲੇ ਸਾਲ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ 45 ਹਜ਼ਾਰ ਦਾਖਲੇ ਵਧੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਲਗਾਤਾਰ ਨੁਹਾਰ ਬਦਲੀ ਜਾ ਰਹੀ ਹੈ ਅਤੇ ਵਿਦਿਆਰਥੀ ਮੈਰਿਟ ਵਿੱਚ ਆਪਣੀ ਜਗਾ ਬਣਾ ਰਹੇ ਹਨ। ਉਨਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਸਮਾਜ ਵਿੱਚ ਬਹੁਤ ਵੱਡਾ ਰੁਤਬਾ ਹੈ ਅਤੇ ਉਨਾਂ ਉਪਰ ਦੇਸ਼ ਦਾ ਭਵਿੱਖ ਸਿਰਜਣ ਲਈ ਵੱਡੀਆਂ ਜ਼ਿੰਮੇਵਾਰੀਆਂ ਹਨ, ਜਿਸ ਨੂੰ ਉਹ ਹੋਰ ਗੰਭੀਰਤਾ ਨਾਲ ਨਿਭਾਉਣ। ਡਿਪਟੀ ਕਮਿਸ਼ਨਰ ਸ਼੍ਰੀ ਟੀ.ਬੈਨਿਥ ਨੇ ਮੈਰਿਟ ਵਿੱਚ ਆਉਣ ਵਾਲੇ ਸਮੂਹ ਵਿਦਿਆਰਥੀਆਂ, ਉਨਾਂ ਦੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜ਼ਿਲਾ ਮਾਨਸਾ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਜਿੱਥੇ ਸੂਬੇ ਦੀਆਂ ਪਹਿਲੀਆਂ ਪੁਜੀਸ਼ਨਾਂ ਵਿੱਚ ਜਗਾ ਪ੍ਰਾਪਤ ਕੀਤੀ ਹੈ, ਉਥੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਗਿਆ ਹੈ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਸਾਡਾ ਉਦੇਸ਼ (ਗੋਲ) ਮਿੱਥਣਾ ਚਾਹੀਦਾ ਹੈ ਉਸ ਉਪਰੰਤ ਉਸ ਉਦੇਸ਼ ਨੂੰ ਪੂਰਾ ਕਰਨ ਲਈ ਕੜੀ ਮਿਹਨਤ ਕਰਨੀ ਚਾਹੀਦੀ ਹੈ ਜਿਸ ਨਾਲ ਅਸੀਂ ਆਪਣੀ ਹਰ ਮੰਜ਼ਿਲ ਨੂੰ ਸਰ ਕਰ ਸਕਦੇ ਹਾਂ। ਚੇਅਰਮੈਨ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ’ਤੇ ਮਾਣ ਕਰਦਿਆਂ ਕਿਹਾ ਕਿ ਇਨਾਂ ਵਿਦਿਆਰਥੀਆਂ ਨੇ ਜ਼ਿਲੇ ਦਾ ਨਾਮ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਵੀ ਉੱਚਾ ਕੀਤਾ ਹੈ। ਉਨਾਂ ਕਿਹਾ ਕਿ ਜ਼ਿਲੇ ਦੇ ਵਿਦਿਆਰਥੀ ਅਤੇ ਨੌਜਵਾਨ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਉਨਾਂ ਕਿਹਾ ਕਿ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ ਉਨਾਂ ਸਕੂਲਾਂ ਵਿੱਚ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਕੂਲਾਂ ਅੰਦਰ ਬਿਹਤਰ ਪੜਾਈ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਨਸਾ ਜ਼ਿਲੇ ਅੰਦਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਚੰਗੇ ਨਤੀਜਿਆਂ ਦਾ ਸਿਹਰਾ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਿਰ ਬੰਨਿਆਂ, ਜਿੰਨਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲਾ ਮਾਨਸਾ ਦੇ ਸਿੱਖਿਆ ਵਿਭਾਗ ਨੇ ਇਹ ਪ੍ਰਾਪਤੀ ਕੀਤੀ ਹੈ। ਉਨਾਂ ਦੱਸਿਆ ਕਿ ਅੱਜ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਵਿੱਚ ਅੱਠਵੀਂ ਜਮਾਤ ਦੇ 14 ਵਿਦਿਆਰਥੀ ਮੈਰਿਟ ਵਿੱਚ ਆਏ, ਜਿੰਨਾਂ ਵਿੱਚੋਂ ਸੂਬੇ ਅੰਦਰ ਸਰਕਾਰੀ ਕੰਨਿਆ ਸਕੂਲ ਬੁਢਲਾਡਾ ਦੀ ਲਵਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਅੰਕਿਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 10ਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲੇ ਦੇ 21 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ ਅਤੇ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਹਰਮਨਦੀਪ ਕੌਰ ਨੇ ਪੰਜਾਬ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਬਾਰਵੀਂ ਦੇ ਆਏ ਨਤੀਜਿਆਂ ਵਿੱਚ ਜ਼ਿਲੇ ਦੇ ਕੁੱਲ 13 ਵਿਦਿਆਰਥੀ ਮੈਰਿਟ ਵਿੱਚ ਆਏ ਅਤੇ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ ਦੀ ਵਿਦਿਆਰਥਣ ਸੁਜਾਨ ਕੌਰ ਨੇ ਸੂਬੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਜ਼ਿਲਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਡਾ. ਬੂਟਾ ਸਿੰਘ ਸੇਖੋਂ, ਮਦਨ ਲਾਲ ਕਟਾਰੀਆ, ਪਿ੍ਰੰਸੀਪਲ ਕਮਲਜੀਤ ਕੌਰ, ਡਾ. ਪਰਮਜੀਤ ਸਿੰਘ ਭੌਗਲ ਅਤੇ ਬਲਜਿੰਦਰ ਜੌੜਕੀਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।
