
02,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ( Sidhu Moose Wala murder ) ਤੋਂ ਪੰਜ ਦਿਨ ਬਾਅਦ ਪੰਜਾਬ ਸਰਕਾਰ ਨੇ ਹੁਣ ਕਿਹਾ ਹੈ ਕਿ 7 ਜੂਨ ਤੋਂ ਸਾਰੇ ਵੀਆਈਪੀਜ਼ ਦੀ ਸੁਰੱਖਿਆ ਫ਼ਿਰ ਬਹਾਲ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਸਬੰਧੀ ਜਾਣਕਾਰੀ ਉਸ ਸਮੇਂ ਦਿੱਤੀ, ਜਦੋਂ ਅਦਾਲਤ ਸਾਬਕਾ ਮੰਤਰੀ ਓਪੀ ਸੋਨੀ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਓਪੀ ਸੋਨੀ ਵੀ ਉਨ੍ਹਾਂ 424 ਵੀਵੀਆਈਪੀਜ਼ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ।
‘ਆਪ’ ਸਰਕਾਰ ਨੇ ਹਾਈ ਕੋਰਟ ‘ਚ ਇਹ ਗੱਲ ਕਹੀ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀਵੀਆਈਪੀਜ਼ ਦੀ ਸੁਰੱਖਿਆ ਘਟਾਉਣ ਨੂੰ ਲੈ ਕੇ ਭਗਵਾਨ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਹਾਈ ਕੋਰਟ ਵੱਲੋਂ ਸੁਰੱਖਿਆ ‘ਚ ਕਟੌਤੀ ਦੇ ਸਵਾਲ ‘ਤੇ ਪੰਜਾਬ ਸਰਕਾਰ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਬਰਸੀ ਕਾਰਨ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਹੈ।

ਭਾਜਪਾ ਨੇ ਲਾਇਆ ਇਹ ਦੋਸ਼
ਦੂਜੇ ਪਾਸੇ ‘ਆਮ ਆਦਮੀ ਪਾਰਟੀ‘ ਦੇ ਬਿਆਨ ‘ਤੇ ਭਾਜਪਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ( Arvind Kejriwal ) ਨੇ ਇਕ ਵਾਰ ਫਿਰ ਯੂ-ਟਰਨ ਲਿਆ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸੁਰੱਖਿਆ ‘ਚ ਕਟੌਤੀ ਪਿੱਛੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਹੀ ਸੀ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਫ਼ ਕਹਿ ਦਿੱਤਾ ਹੈ ਕਿ ਕੇਜਰੀਵਾਲ ਮਾਨ ਦੀ ਜੋੜੀ ਨੂੰ ਫਿਰ ਮੂੰਹ ਦੀ ਖਾਣੀ ਪਈ ਹੈ। ਹਾਈ ਕੋਰਟ ‘ਚ ਉਨ੍ਹਾਂ ਨੇ ਸੁਰੱਖਿਆ ‘ਚ ਕਟੌਤੀ ਨੂੰ ਅਸਥਾਈ ਦੱਸਿਆ ਹੈ। ‘ਆਪ’ ਸਰਕਾਰ ਦੇ ਸਟੰਟ ਨੇ ਪੰਜਾਬੀਆਂ ਤੋਂ ਕੀਮਤੀ ਜਾਨ ਖੋਹ ਲਈ ਹੈ। ਪੰਜਾਬ ਦੇ ਨੌਜਵਾਨ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ।
