
ਮੁਹਾਲੀ 5 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਤਕਰੀਬਨ ਹਰ ਕਰਮਚਾਰੀ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਲੌਕਡਾਊਨ ਬੇਸ਼ੱਕ ਪ੍ਰਦਰਸ਼ਨਾਂ ਦੀ ਗਤੀ ਥੋੜ੍ਹੀ ਮੱਧਮ ਪੈ ਗਈ ਸੀ, ਪਰ ਹੁਣ ਦੁਬਾਰਾ ਉਹ ਹੀ ਹਾਲ ਹੈ। ਸਰਕਾਰੀ ਨੀਤੀਆਂ ਤੋਂ ਤੰਗ ਮੁਲਾਜ਼ਮ ਇਹ ਸਭ ਕਰਨ ਨੂੰ ਮਜਬੂਰ ਹੈ। ਅੱਜ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਮੁੜ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਪਾਵਰਕਾਮ ਮਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇ ਲਾਏ।
ਉਨ੍ਹਾਂ ਦੱਸਿਆ ਕਿ ਅੱਜ ਪ੍ਰਮੁੱਖ ਸਕੱਤਰ ਵੱਲੋਂ ਮੀਟਿੰਗ ਲਈ ਬੁਲਾਇਆ ਗਿਆ ਸੀ ਜਿਸ ਵਿੱਚ ਮੰਨੀਆਂ ਮੰਗਾਂ ਲਾਗੂ ਕਰਨ ਬਾਰੇ ਗੱਲਬਾਤ ਕਰਨ ‘ਤੇ ਕੋਈ ਠੋਸ ਹੱਲ ਨਹੀਂ ਹੋਇਆ। ਛੇ ਅਕਤੂਬਰ ਨੂੰ ਚੇਅਰਮੈਨ ਵੈਨੂੰ ਪ੍ਰਸਾਦ ਨਾਲ ਮੀਟਿੰਗ ਹੋਵੇਗੀ ਪਰ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਹੋਈਆਂ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਛਾਂਟੀ ਕੀਤੇ ਕਾਮੇ ਬਹਾਲ ਕਰਨ, ਠੇਕਾ ਮੁਲਾਜ਼ਮਾਂ ਦੀ ਛਾਂਟੀ ਰੱਦ ਕਰਵਾਉਣ, ਬਰਖ਼ਾਸਤ ਕਾਮਿਆਂ ਦੀ ਬਹਾਲੀ, ਹਾਦਸਾ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ, ਮ੍ਰਿਤਕ ਕਾਮਿਆਂ ਦੇ ਵਾਰਸਾਂ ਲਈ ਨੌਕਰੀ ਦੀ ਵਿਵਸਥਾ ਤੇ ਹੋਰ ਜਾਇਜ਼ ਮੰਗਾਂ ਹੱਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਨੇ ਅੰਦਰਖਾਤੇ ਫਿਰ ਤੋਂ ਠੇਕਾ ਕਾਮਿਆਂ ਦੀ ਛਾਂਟੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੁਣ ਤੱਕ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਿਰਤ ਕਮਿਸ਼ਨਰ, ਪਾਵਰਕੌਮ ਮੈਨੇਜਮੈਂਟ ਨਾਲ 6 ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਪੈਨਲ ਮੀਟਿੰਗਾਂ ਵਿੱਚ ਉਕਤ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਹਾਮੀ ਭਰੀ ਗਈ ਸੀ। ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਿਰਤ ਮੰਤਰੀ ਨਾਲ ਭਲਕੇ 2 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਅੱਗੇ ਟਾਲ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਪਾਵਰਕੌਮ ਠੇਕਾ ਕਾਮਿਆਂ ਦੀਆਂ ਪਹਿਲਾਂ ਪ੍ਰਵਾਨਿਤ ਜਾਇਜ਼ ਮੰਗਾਂ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਲਿਆ ਗਿਆ ਤਾਂ ਠੇਕਾ ਮੁਲਾਜ਼ਮ ਫਿਰ ਤੋਂ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਮੀਟਿੰਗ ਤੋਂ ਬਾਅਦ ਮੁਹਾਲੀ ਵਿੱਚ ਸੜਕਾਂ ਜਾਮ ਕਰਨਗੇ ਤੇ 13 ਅਕਤੂਬਰ, 2020 ਨੂੰ ਮੁਕੰਮਲ ਹੜਤਾਲ ਕਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਮਹਾ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਗੂੜੀ ਨੀਂਦ ਵਿੱਚ ਸੁੱਤੀ ਪਈ ਸਰਕਾਰ ਨੂੰ ਹਲੂਣਾ ਦੇ ਕੇ ਜਗਾਇਆ ਜਾਵੇਗਾ।
