
ਚੰਡੀਗੜ੍ਹ, 10 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਵਿੱਚ ਟੀਕਾਕਰਨ ਮੁਹਿੰਮ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ ਜਿਸ ਤਹਿਤ ਜ਼ੋਖ਼ਮ ਵਾਲੀ ਆਬਾਦੀ ਵਿਸ਼ੇਸ਼ ਤੌਰ ‘ਤੇ ਗਰਭਵਤੀ ਮਹਿਲਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇੱਕ ਗਰਭਵਤੀ ਮਹਿਲਾ ਦੀ ਹਾਲਤ ਨਾ ਸਿਰਫ਼ ਨਾਜ਼ੁਕ ਹੁੰਦੀ ਹੈ ਬਲਕਿ ਉਹ ਆਪਣੀ ਕੁੱਖ ਵਿੱਚ ਇੱਕ ਹੋਰ ਜੀਵਨ ਵੀ ਪਾਲ ਰਹੀ ਹੁੰਦੀ ਹੈ ਜਿਸਨੂੰ ਕੋਵਿਡ ਤੋਂ ਬਚਾਉਣ ਦੀ ਵਿਸ਼ੇਸ਼ ਲੋੜ ਹੈ। ਇੱਕ ਗਰਭਵਤੀ ਮਹਿਲਾ ਨੂੰ ਜਣੇਪੇ ਲਈ ਹਸਪਤਾਲ ਵਿੱਚ ਦਾਖ਼ਲ ਹੋਣਾ ਪੈਂਦਾ ਹੈ ਜਿਸ ਨਾਲ ਹਸਪਤਾਲ ਦੇ ਵਾਤਾਵਰਣ ਵਿੱਚ ਕੋਵਿਡ ਦੇ ਫੈਲਾਅ ਦਾ ਖ਼ਤਰਾ ਜਣੇਪੇ ਵਿੱਚ ਸ਼ਾਮਲ ਸਟਾਫ ਨੂੰ ਵੀ ਹੋ ਸਕਦਾ ਹੈ। ਗਰਭਵਤੀ ਮਹਿਲਾ ‘ਚ ਕੋਵਿਡ ਦੇ ਜੋਖ਼ਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਟੀਕਾ ਲਗਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਾਹਰ ਕਮੇਟੀਆਂ ਦੀਆਂ ਸਿਫਾਰਸ਼ਾਂ ਅਤੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਅਧਾਰ ‘ਤੇ, ਪੰਜਾਬ ਸਰਕਾਰ ਵੱਲੋਂ ਗਰਭਵਤੀ ਮਹਿਲਾ ਲਈ ਇੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਦੇ ਪਹਿਲੇ ਕੁਝ ਦਿਨਾਂ ਵਿੱਚ ਹੀ ਸਿਹਤ ਵਿਭਾਗ ਵੱਲੋਂ 1759 ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਗਿਆ। ਪੰਜਾਬ ਸਰਕਾਰ ਦਾ ਟੀਚਾ ਹੈ ਕਿ ਕੋਵਿਡ ਦੇ ਫੈਲਾਅ ਨੂੰ ਘੱਟ ਕਰਨ ਅਤੇ ਜੱਚੇ ਤੇ ਬੱਚੇ ਦੇ ਜੀਵਨ ਦੀ ਸੁਰੱਖਿਆ ਲਈ ਜਿੰਨੀ ਜਲਦ ਸੰਭਵ ਹੋ ਸਕੇ, ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ।ਸੂਬੇ ਵਿੱਚ ਕੋਵਿਡ ਟੀਕਾਕਰਨ ਅਭਿਆਨ ਬਾਰੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੁੱਲ 106,81,257 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 83,93,854 ਨੂੰ ਪਹਿਲੀ ਖੁਰਾਕ ਮਿਲੀ ਹੈ ਅਤੇ 22,87,403 ਨੂੰ ਦੋਵੇਂ ਖੁਰਾਕਾਂ ਦੇ ਕੇ ਟੀਕਾਕਰਨ ਪੂਰਾ ਕੀਤਾ ਗਿਆ ਹੈ। ਸੂਬੇ ਨੂੰ ਹੁਣ ਟੀਕੇ ਦੀਆਂ 5,49,223 ਖੁਰਾਕਾਂ ਮਿਲ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਵਸਨੀਕਾਂ ਦਾ ਟੀਕਾਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਉਣ ਵਾਲੀ ਸੰਭਾਵੀ ਤੀਜੀ ਲਹਿਰ ਤੋਂ ਬਚਣ ਲਈ ਸਾਰਿਆਂ ਨੂੰ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਨ ਦੀ ਲੋੜ ਹੈ।
