
ਮਾਨਸਾ 6 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਸਥਾਪਿਤ ਕੀਤੀ ਜਾਵੇਗੀ ਤੇ ਇਸ ਦੀ ਸਾਰੀ ਤਿਆਰੀ ਕਰ ਲਈ ਗਈ ਹੈ। ਉਹ ਐਤਵਾਰ ਨੂੰ ਮਾਨਸਾ ਦੇ ਪਿੰਡ ਮੋਫਰ ਵਿਖੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੀ ਮਾਤਾ ਸੁਰਿੰਦਰ ਕੌਰ ਦੇ ਭੋਗ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਏ ਸਨ। ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸੂਬੇ ਵਿਚ ਕੀਰਤੀਮਾਨ ਕੰਮ ਕੀਤੇ ਹਨ,ਜਿੰਨਾਂ ਦਾ ਵਿਕਾਸ ਬੋਲਦਾ ਹੈ,ਜਿਸ ਸਹਾਰੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਮੁੜ ਆਉਣਾ ਯਕੀਨੀ ਹੈ। ਉਨਾਂ ਕਿਹਾ ਕਿ ਕਾਂਗਰਸ ਵਿਚ ਜੋ ਮਤਭੇਦ ਹਨ,ਉਨਾਂ ਨੂੰ ਆਪਸੀ ਰਜਾਮੰਦੀ ਨਾਲ ਹੱਲ ਕਰ ਲਿਆ ਜਾਵੇਗਾ। ਜਿਸ ਵਿਚ ਕੋਈ ਵੀ ਵਿਵਾਦ ਜਾਂ ਲੰਬਾ ਸਮਾਂ ਚੱਲਣਾ ਵਾਲਾ ਝਗੜਾ ਨਹੀਂ ਹੈ। ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਦਾ ਸੂਬੇ ਵਿਚ ਕੋਈ ਆਧਾਰ ਨਹੀਂ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਥਿਤੀ ਨੂੰ ਵਿਚਾਰਦਿਆਂ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਜਿਸ ਤੋਂ ਬਾਅਦ ਹੋਰਨਾਂ ਵਿਧਾਇਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਉਨਾਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਦੂਰਹਾੳ ਹੋਵੇਗਾ। ਉਨਾਂ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨਾਲ ਵੀ ਮੀਟਿੰਗ ਮਸ਼ਵਰਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਜਿਲ੍ਹਾ ਯੌਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ, ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ, ਬਾਦਲ ਸਿੰਘ ਬਾਹਮਣਵਾਲਾ, ਪ੍ਰਕਾਸ਼ ਚੰਦ ਕੁਲਰੀਆਂ, ਸੱਤਪਾਲ ਵਰਮਾ, ਮੈਂਬਰ ਜਿਲ੍ਹਾ ਪ੍ਰੀਸ਼ਦ ਮਾਈਕਲ ਗਾਗੋਵਾਲ, ਪ੍ਰਿਤਪਾਲ ਸਿੰਘ ਡਾਲੀ ਤੋਂ ਇਲਾਵਾ ਹੋਰ ਵੀ ਸੀਨੀਅਰੀ ਆਗੂ ਮੌਜੂਦ ਸਨ।
