*ਪੰਜਾਬ ਵਿੱਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿੱਚ ਹੋਇਆ ਚੋਖਾ ਸੁਧਾਰ*

0
42

ਹਵਾ ਗੁਣਵੱਤਾ ਸੂਚਕਾਂਕ ਵਿੱਚ 2022 ਦੇ ਮੁਕਾਬਲੇ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਗਿਰਾਵਟ ਹੋਈ ਦਰਜ

ਚੰਡੀਗੜ੍ਹ, 13 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):
ਪੰਜਾਬ ਸੂਬੇ ਵਿੱਚ ਇਸ ਸਾਲ ਦੀਵਾਲੀ ਦੀ ਰਾਤ ਪਿਛਲੇ ਸਾਲ 2022 ਦੇ ਮੁਕਾਬਲੇ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ‘ਚ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਾ ਗੁਣਵੱਤਾ ‘ਚ ਸੁਧਾਰ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਗੁਣਵੱਤਾ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀ.ਏ.ਏ.ਕਿਊ.ਐਮ.ਐਸ.) ਸਥਾਪਿਤ ਕੀਤੇ ਹਨ। ਦੱਸਣਯੋਗ ਹੈ ਕਿ ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਦੀਵਾਲੀ ਦੇ ਦਿਨਾਂ ਦੌਰਾਨ ਦਰਜ ਕੀਤੇ ਗਏ ਏ.ਕਿਊ.ਆਈ. ਮੁੱਲ ਦੇ ਮੁਕਾਬਲੇ ਸਾਲ 2023 ਦੇ ਇਸੇ ਸਮੇਂ ਦੌਰਾਨ ਹਵਾ ਗੁਣਵੱਤਾ ਸੂਚਕਾਂਕ ਵਿੱਚ ਕਾਫੀ ਸੁਧਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਇਹ ਅੰਕੜੇ ਦੀਵਾਲੀ ਵਾਲੇ ਦਿਨ ਸਵੇਰੇ 7.00 ਵਜੇ ਤੋਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ 6.00 ਵਜੇ ਤੱਕ ਦੇ ਹਨ। ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਇਸ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਏ.ਕਿਊ.ਆਈ. ਦਾ ਪੱਧਰ ਪਿਛਲੇ ਦੋ ਸਾਲਾਂ 2022 ਅਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ। ਇਸ ਦੀਵਾਲੀ ‘ਤੇ ਪੰਜਾਬ ਦਾ ਏ.ਕਿਊ.ਆਈ. 207 ਸੀ (ਜੋ ਮੱਧਮ ਸ਼੍ਰੇਣੀ ਲਈ ਵੱਧ ਤੋਂ ਵੱਧ 200 ਏ.ਕਿਊ.ਆਈ. ਮੁੱਲ ਤੋਂ ਥੋੜ੍ਹਾ ਜਿਹਾ ਹੀ ਵੱਧ ਹੈ) ਜਦੋਂ ਕਿ 2022 ਵਿੱਚ ਇਹ ਮੁੱਲ 224 ਅਤੇ 2021 ਵਿੱਚ 268 ਦਰਜ ਕੀਤਾ ਗਿਆ ਸੀ।
ਮੀਤ ਹੇਅਰ ਨੇ ਦੱਸਿਆ ਕਿ ਇਸ ਸਾਲ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਅੰਮ੍ਰਿਤਸਰ (235) ਵਿੱਚ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਵੀ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਅੰਮ੍ਰਿਤਸਰ (262) ‘ਚ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2021 ਵਿੱਚ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਜਲੰਧਰ 327 (ਬਹੁਤ ਖ਼ਰਾਬ)] ਵਿੱਚ ਦਰਜ ਕੀਤਾ ਗਿਆ ਸੀ। ਇਸ ਸਾਲ ਸਭ ਤੋਂ ਘੱਟ ਏ.ਕਿਊ.ਆਈ. ਮੁੱਲ ਮੰਡੀ ਗੋਬਿੰਦਗੜ੍ਹ (153) ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਕ੍ਰਮਵਾਰ 188 ਅਤੇ 220 ਦਰਜ ਕੀਤਾ ਗਿਆ ਸੀ। ਇਸ ਸਾਲ ਏ.ਕਿਊ.ਆਈ. ਮੁੱਲ ਵਿੱਚ ਸਭ ਤੋਂ ਵੱਧ ਕਮੀ ਮੰਡੀ ਗੋਬਿੰਦਗੜ੍ਹ (18.6 ਫੀਸਦੀ) ਵਿੱਚ ਦਰਜ ਕੀਤੀ ਗਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਟਾਕੇ ਚਲਾਉਣ ਲਈ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ-ਸੀਮਾ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਹਰੇ ਪਟਾਕਿਆਂ ਦੀ ਵਰਤੋਂ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬੀਤੇ ਸਾਲਾਂ 2022 ਅਤੇ 2021 ਦੇ ਮੁਕਾਬਲੇ ਹਵਾ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। 
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਾਲ ਅੱਗੇ ਆਉਣ ਵਾਲੇ ਹੋਰ ਤਿਉਹਾਰਾਂ ਲਈ ਵੀ ਸਰਕਾਰ ਵੱਲੋਂ ਸਮਾਂ-ਸੀਮਾ ਅਤੇ ਗਰੀਨ ਪਟਾਕਿਆਂ ਦੀ ਵਰਤੋਂ ਸਬੰਧੀ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ।

LEAVE A REPLY

Please enter your comment!
Please enter your name here