*ਪੰਜਾਬ ਵਿਚ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ‘ਤੇ ਖਰਚੇ ਜਾਣਗੇ 1963 ਕਰੋੜ ਰੁਪਏ-ਬ੍ਰਮ ਸ਼ੰਕਰ ਜਿੰਪਾ*

0
10

ਚੰਡੀਗੜ੍ਹ, 16 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਸਾਫ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ 1700 ਪਿੰਡਾਂ ਲਈ 1963 ਕਰੋੜ ਰੁਪਏ ਦੇ ਨਹਿਰੀ ਪਾਣੀ ਅਧਾਰਤ ਪ੍ਰੋਜੈਕਟ ਆਰੰਭੇ ਗਏ ਹਨ। ਇਨ੍ਹਾਂ ਵਿਚੋਂ 578 ਕਰੋੜ ਰੁਪਏ ਦੇ ਪ੍ਰੋਜੈਕਟ ਸਿਰਫ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਲਈ ਹਨ। ਇਹ ਰਾਸ਼ੀ ਅਬੋਹਰ, ਬੱਲੂਆਣਾ ਅਤੇ ਖੂਹੀਆ ਸਰਵਰ ਖੇਤਰਾਂ ਵਿਚ ਖਰਚ ਕੀਤੀ ਜਾਵੇਗੀ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਵਿਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਹੰਭਲੇ ਮਾਰੇ ਜਾ ਰਹੇ ਹਨ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਬੁਨਿਆਦੀ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਈ ਪ੍ਰੋਜੈਕਟ ਉਲੀਕੇ ਗਏ ਹਨ।

ਜਿੰਪਾ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਭੋਪਾਲ ਵਿਖੇ ਕੌਮੀ ਕਾਨਫਰੰਸ ‘ਵਾਟਰ ਵਿਜ਼ਨ 2047’ ਵਿਚ ਹਿੱਸਾ ਲੈ ਕੇ ਸਰਹੱਦੀ ਜ਼ਿਲ੍ਹਿਆ ਵਿਚ ਪਾਣੀ ਦੀ ਮਾੜੀ ਕੁਆਲਿਟੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਸੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਪਾਣੀ ਦੀ ਕੁਆਲਿਟੀ ਦੇ ਸੁਧਾਰ ਲਈ ਕੇਂਦਰ ਸਰਕਾਰ ਪੰਜਾਬ ਨਾਲ ਸਹਿਯੋਗ ਕਰੇ ਅਤੇ ਕੇਂਦਰੀ ਫੰਡਾਂ ‘ਚੋਂ ਇੱਕ ਵੱਡਾ ਹਿੱਸਾ ਇਨ੍ਹਾਂ ਇਲਾਕਿਆਂ ਦੇ ਪਾਣੀ ਸੁਧਾਰ ਲਈ ਜਾਰੀ ਕਰੇ।

ਜਿੰਪਾ ਨੇ ਅੱਜ ਬੱਲੂਆਣਾ ਹਲਕੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਸਬੰਧੀ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਹਲਕੇ ਵਿਚ 40 ਕਰੋੜ ਰੁਪਏ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ 4 ਕਰੋੜ ਰੁਪਏ ਨਾਲ ਬਣੀ ਇਕ ਪੇਂਡੂ ਜਲ ਸਪਲਾਈ ਸਕੀਮ ਨੂੰ ਲੋਕ ਸਮਰਪਿਤ ਕੀਤਾ। ਇਸੇ ਤਰ੍ਹਾਂ ਪਿੰਡ ਧਰਮ ਪੁਰਾ ਅਤੇ ਮਹਿਰਾਜਪੁਰਾ ਵਿਚ 9 ਕਰੋੜ ਨਾਲ ਬਣ ਰਹੇ ਵਾਟਰ ਵਰਕਸਾਂ ਨੂੰ ਵੀ ਲੋਕ ਸਮਰਪਿਤ ਕੀਤਾ। ਇਸ ਮੌਕੇ ਜਿੰਪਾ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕੁਆਲਿਟੀ ਠੀਕ ਨਹੀਂ ਹੈ ਉਥੇ ਆਰ.ਓ. ਪਲਾਂਟ ਲਗਾਉਣ ਦੀਆਂ ਸੰਭਾਨਾਵਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਹੋਰ ਵੀ ਕਈ ਜ਼ਿਲ੍ਹੇ ਜਿਵੇਂ ਬਠਿੰਡਾ ਦੇ ਕਈ ਇਲਾਕਿਆਂ ਦਾ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ। ਪਾਣੀ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਵਰਗੇ ਤੱਤ ਪਾਏ ਜਾ ਰਹੇ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਕੈਂਸਰ ਨਾਲ ਜੂਝ ਰਹੇ ਹਨ। ਛੋਟੇ-ਛੋਟੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ ਅਤੇ ਹੋਰ ਵੀ ਕਈ ਬਿਮਾਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮਾਨ ਸਰਕਾਰ ਬਹੁਤ ਸਾਰਾ ਕੰਮ ਕਰ ਰਹੀ ਹੈ ਅਤੇ ਅੱਜ ਸ਼ੁਰੂ ਕੀਤੇ ਪ੍ਰੋਜੈਕਟ ਇਨ੍ਹਾਂ ਕੰਮਾਂ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦਾ ਖਿਆਲ ਰੱਖ ਰਹੀ ਹੈ।

ਕਿਸਾਨਾਂ ਦੀ ਭਲਾਈ ਸਬੰਧੀ ਕੀਤੇ ਜਾ ਰਹੇ ਕਾਰਜਾਂ ਬਾਬਤ ਜਾਣਕਾਰੀ ਦਿੰਦਿਆਂ ਜਿੰਪਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਾਲ 2022-23 ਦੌਰਾਨ ਹੁਣ ਤੱਕ 125 ਕਰੋੜ ਰੁਪਏ ਦੇ ਕਰੀਬ ਰਕਮ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਵੱਜੋਂ ਅਤੇ ਕਿਸਾਨਾਂ ਦੀ ਭਲਾਈ ਲਈ ਦਿੱਤਾ ਜਾ ਚੁੱਕਾ ਹੈ।

ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਹਾਜ਼ਰ ਸਨ।

———

LEAVE A REPLY

Please enter your comment!
Please enter your name here