ਚੰਡੀਗੜ੍ਹ,03 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬੁੱਧਵਾਰ ਨੂੰ ਸੁਹਾਗਣਾਂ ਦਾ ਤਿਉਹਾਰ ਕਰਵਾਚੌਥ ਮਨਾਇਆ ਜਾਏਗਾ ਪਰ ਇਸ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਮਹਿਲਾਵਾਂ ਮਹਿੰਦੀ ਲਗਵਾਉਂਦੀਆਂ ਹਨ ਪਰ ਇਸ ਵਾਰ ਕੋਰੋਨਾ ਦੇ ਖ਼ਤਰੇ ਨੇ ਸਾਰੇ ਤਿਉਹਾਰਾਂ ਦੇ ਰੰਗ ਢੰਗ ਬਦਲ ਕੇ ਰੱਖ ਦਿੱਤੇ ਹਨ। ਮੰਗਲਵਾਰ ਨੂੰ ਚੰਡੀਗੜ੍ਹ ਦੇ ਬਜ਼ਾਰਾਂ ‘ਚ ਮਹਿੰਦੀ ਲਾਉਣ ਵਾਲੇ ਕਲਾਕਾਰ PPE ਕਿੱਟਾਂ ‘ਚ ਨਜ਼ਰ ਆਏ। ਮਹਿੰਦੀ ਲਗਾਉਣ ਲਈ ਇਹ ਕਲਾਕਾਰ ਪੂਰੀ ਸੁਰੱਖਿਆ ਦਾ ਖਾਸ ਧਿਆਨ ਰੱਖ ਰਹੇ ਹਨ।
4 ਨਵੰਬਰ ਯਾਨੀ ਕੱਲ੍ਹ ਕਰਵਾਚੌਥ ਦਾ ਤਿਉਹਾਰ ਹੈ ਤੇ ਕਰਵਾਚੌਥ ਦਾ ਵਰਤ ਰੱਖਣਾ ਪਤੀ ਤੇ ਪਤਨੀ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਸ ਨੂੰ ਪਤੀ ਤੇ ਪਤਨੀ ਵਿੱਚ ਵਿਸ਼ਵਾਸ ਤੇ ਅਟੁੱਟ ਪਿਆਰ ਵਜੋਂ ਵੇਖਿਆ ਜਾਂਦਾ ਹੈ। ਪਤਨੀਆਂ ਇਸ ਖਾਸ ਦਿਨ ਨਿਰਜਲ ਵਰਤ ਰੱਖਦੀਆਂ ਹਨ ਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
ਕਰਵਾਚੌਥ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚਤੁਰਥੀ ‘ਤੇ ਰੱਖਿਆ ਜਾਂਦਾ ਹੈ। ਇਸ ਵਾਰ ਕਰਵਾ ਚੌਥ ਵਿਖੇ 4 ਰਾਜਯੋਗ ਸਮੇਤ 6 ਸ਼ੁਭ ਯੋਗ ਬਣ ਰਹੇ ਹਨ। ਅਜਿਹਾ ਯੋਗ 100 ਸਾਲਾਂ ਵਿੱਚ ਪਹਿਲੀ ਵਾਰ ਬਣ ਰਿਹਾ ਹੈ। ਇਨ੍ਹਾਂ ਚਾਰ ਰਾਜ ਯੋਗਾਂ ‘ਚ ਸ਼ੰਕ, ਲੰਬੀ ਉਮਰ, ਹੰਸ ਤੇ ਗਜਕੇਸਰੀ ਹਨ। ਇਸ ਤੋਂ ਇਲਾਵਾ ਸ਼ਿਵ, ਅਮ੍ਰਿਤ ਤੇ ਸਰਵਉਤਰਸਿਧੀ ਯੋਗ ਵੀ ਬਣ ਰਹੇ ਹਨ।