ਚੰਡੀਗੜ੍ਹ: ਪੰਜਾਬ ‘ਚ ਖੇਤੀ ਕਨੂੰਨਾਂ ਦੇ ਵਿਰੋਧ ‘ਚ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦਾ ਇੱਕ ਹਿੱਸਾ ਰੇਲ ਰੋਕੋ ਅੰਦੋਲਨ ਵੀ ਹੈ। ਰੇਲ ਰੋਕੋ ਅੰਦੋਲਨ ਕਾਰਨ ਕੋਲਾ ਥਰਮਲ ਪਲਾਟਾਂ ਤੱਕ ਨਹੀਂ ਪਹੁੰਚ ਰਿਹਾ, ਜਿਸ ਕਾਰਨ ਇੱਕ ਵੱਡੀ ਮੁਸ਼ਕਲ ਆਣ ਖਲੌਤੀ ਹੈ।
ਪੰਜਾਬ ਦੇ ਥਰਮਲਾਂ ਵਿੱਚ ਕੋਲਾ ਮੁੱਕਣ ਕੰਢੇ ਹੋਣ ਕਾਰਨ ਲੰਘੀ ਅੱਧੀ ਰਾਤ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਚੱਲ ਰਿਹਾ ਹੈ।
ਇਸ ਥਰਮਲ ਕੋਲ ਮੁਸ਼ਕਲ ਨਾਲ ਮਾੜਾ ਮੋਟਾ ਹੀ ਕੋਲਾ ਬਚਿਆ ਹੈ। ਜਦਕਿ ਤਲਵੰਡੀ ਸਾਬੋ ਥਰਮਲ ਕੋਲ ਵੀ ਥੋੜਾ ਹੀ ਕੋਲਾ ਬਾਕੀ ਹੈ। ਪਾਵਰਕੌਮ ਦੇ ਆਪਣੇ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਵੀ ਵਧ ਤੋਂ ਵਧ ਛੇ ਦਿਨ ਜਿੰਨਾ ਹੀ ਕੋਲਾ ਹੈ। ਉਂਝ ਇਹ ਦੋਵੇਂ ਥਰਮਲ ਬਿਜਲੀ ਦੀ ਮੰਗ ਮਨਫ਼ੀ ਹੋਣ ਕਾਰਨ ਬੰਦ ਹਨ।