ਚੰਡੀਗੜ•,(ਸਾਰਾ ਯਹਾ, ਬਲਜੀਤ ਸ਼ਰਮਾ) 18 ਮਾਰਚ: ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵਿੱਚ ਪਲੰਬਿਗ ਦੀ ਅਸਾਮੀ ਤੇ 1996 ਵਿਚ ਭਰਤੀ ਹੋਏ ਜਸਪਾਲ ਸਿੰਘ ਨੂੰ 20 ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਤਰੱਕੀ ਨਸੀਬ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ (ਰਿਟਾ. ਆਈ.ਏ.ਐਸ.) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਆਈ.ਟੀ.ਆਈ. ਵਿੰਗ ਵਿੱਚ ਜਸਪਾਲ ਸਿੰਘ ਪਲੰਬਰ ਵਜੋਂ ਭਰਤੀ ਹੋਇਆ ਸੀ ਅਤੇ ਦੋ ਸਾਲ ਬਾਅਦ ਹੀ ਉਹ ਵਿਭਾਗ ਤਰੱਕੀ ਲਈ ਲੋੜੀਂਦੀਆ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਸੀ ਅਤੇ ਉਸ ਨੂੰ ਰਾਖਵੇਂ ਨੁਕਤੇ ਤੇ ਤਰੱਕੀ ਦੇਣੀ ਬਣਦੀ ਸੀ ਪਰ ਵਿਭਾਗ ਵੱਲੋਂ ਜਸਪਾਲ ਸਿੰਘ ਦੀ ਥਾਂ ਜਰਨਲ ਵਰਗ ਦੇ ਮੁਲਾਜ਼ਮ ਨੂੰ ਤਰੱਕੀ ਦੇ ਕੇ ਉਸਦਾ ਹੱਕ ਮਾਰ ਲਿਆ ਸੀ।
ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਗਈ ਇਸ ਧੱਕੇਸ਼ਾਹੀ ਦੇ ਵਿਰੁੱਧ ਉਸ ਨੇ 2015 ਵਿਚ ਐਸ.ਸੀ. ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰਕੇ ਨਿਆਂ ਦੁਆਉਣ ਦੀ ਬੇਨਤੀ ਕੀਤੀ।
ਕਮਿਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਗੈਰ-ਸਰਕਾਰੀ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੂੰ ਸੋਂਪੀ ਗਈ ਜਿਹਨਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਈ ਤਰੀਕਾਂ ਨੂੰ ਹੋਈ ਸੁਣਵਾਈ ਦੌਰਾਨ ਵਿਭਾਗ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਜਸਪਾਲ ਸਿੰਘ ਵੱਲੋਂ ਪੇਸ਼ ਕੀਤੇ ਨਿਯਮਾਂ/ਰੂਲਾਂ ਅਤੇ ਸਰਕਾਰ ਦੀ ਰਿਜਰਵੇਸ਼ਨ ਪ੍ਰਤੀ ਨੀਤੀ/ਰੋਸਟਰ ਰਜਿਸਟਰ ਆਦਿ ਦੀ ਛਾਣਬੀਣ ਉਪਰੰਤ ਇਹ ਸਿੱਟਾ ਕੱਢਿਆ ਕਿ ਜਸਪਾਲ ਸਿੰਘ ਵਲੋਂ ਕੀਤੀ ਗਈ ਬੇਨਤੀ ਸਬੂਤਾਂ ਦੇ ਆਧਾਰ ਤੇ ਦਰੁਸਤ ਹੈ ਅਤੇ ਉਸਦਾ ਹੱਕ ਮਾਰਿਆ ਗਿਆ ਹੈ। ਇਸ ਆਧਾਰ ‘ਤੇ ਉਹਨਾਂ ਆਪਣੀ ਰਿਪੋਰਟ ਦਿੱਤੀ ਜਿਸ ‘ਤੇ ਕਮਿਸ਼ਨ ਵਲੋਂ ਸਬੰਧਿਤ ਵਿਭਾਗ ਨੂੰ ਆਪਣੇ ਦਫ਼ਤਰੀ ਹੁਕਮ ਮਿਤੀ 5-9-19 ਰਾਹੀਂ ਕਿਹਾ ਗਿਆ ਕਿ ਜਸਪਾਲ ਸਿੰਘ ਦੀ ਤਰੱਕੀ ਮਿਤੀ 8-10-98 ਤੋਂ ਕਰਕੇ ਕਮਿਸ਼ਨ ਨੂੰ ਰਿਪੋਰਟ ਕੀਤੀ ਜਾਵੇ।
ਕਮਿਸ਼ਨ ਦੇ ਇਸ ਹੁਕਮ ਤੇ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਜਸਪਾਲ ਸਿੰਘ ਨੂੰ ਮਿਤੀ 8-10-98 ਤੋਂ 29-11-2000 ਤੱਕ ਨੋਸ਼ਨਲ ਤੌਰ ‘ਤੇ ਅਤੇ ਮਿਤੀ 30-11-2000 ਤੋਂ ਰਾਖਵੇਂ ਨੁਕਤੇ ਦੇ ਵਿਰੁੱਧ ਬਤੌਰ ਵ/ਇੰਸ ਫਿਟਿੰਗ ਐਂਡ ਪਲੱਬਿੰਗ ਕਰ ਦਿੱਤਾ ਗਿਆ। ਇਸ ਸਬੰਧੀ ਵਿਭਾਗ ਵੱਲੋਂ ਮਿਤੀ 17-3-2020 ਨੂੰ ਆਰਡਰ ਕਰਕੇ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ।