*ਪੰਜਾਬ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਬਾਹਰ ਹਫ਼ਤੇ ਤੋਂ ਧਰਨਾ, ਪ੍ਰਦਰਸ਼ਨਕਾਰੀਆਂ ਨੇ ਦਿੱਤੀ ਚੇਤਾਵਨੀ*

0
34

ਚੰਡੀਗੜ੍ਹ (ਸਾਰਾ ਯਹਾਂ) :  ਪੰਜਾਬ ਯੂਨੀਵਰਸਿਟੀ (ਪੀਯੂ) ਸੈਨੇਟ ਚੋਣਾਂ ਦੇ ਸਭ ਤੋਂ ਵੱਡੇ ਹਲਕੇ ਰਜਿਸਟਰਡ ਗ੍ਰੈਜੂਏਟਾਂ ਲਈ ਵੋਟਿੰਗ ਡੇਟ ਦਾ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਜਿਸ ਕਾਰਨ ਪਿੱਛਲੇ ਇੱਕ ਹਫ਼ਤੇ ਤੋਂ ਕੈਂਡੀਡੇਟਸ ਵੀਸੀ ਦਫ਼ਤਰ ਬਾਹਰ ਦਿਨ-ਰਾਤ ਦੇ ਧਰਨੇ ਤੇ ਬੈਠੇ ਹਨ।

ਵਿਦਿਆਰਥੀਆਂ, ਸਾਬਕਾ ਸੈਨੇਟਰਾਂ ਤੇ ਉਮੀਦਵਾਰਾਂ ਨੇ ਬੁੱਧਵਾਰ ਨੂੰ ਰਜਿਸਟਰਡ ਗ੍ਰੈਜੂਏਟ ਹਲਕੇ ਲਈ ਪੋਲਿੰਗ ਤੁਰੰਤ ਕਰਵਾਉਣ ਦੀ ਮੰਗ ਨੂੰ ਲੈ ਕੇ ਪੀਯੂ ਕੈਂਪਸ ਵਿੱਚ ਰੋਸ ਮਾਰਚ ਕੱਢਿਆ। ਇਸ ਮਾਰਚ ਵਿੱਚ ਲੱਖਾ ਸਿਧਾਣਾ, ਗਾਇਕ ਸੋਨੀ ਮਾਨ, ਕੰਵਰ ਗਰੇਵਾਲ ਤੇ MLA ਦਲਬੀਰ ਗੋਲਡੀ ਸਣੇ ਕਈ ਲੋਕ ਰੈਲੀ ‘ਚ ਸੰਬੋਧਨ ਕਰਨ ਪਹੁੰਚੇ।

ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏਐਸਏ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ), ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ), ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਤੇ ਹੋਰਾਂ ਸਮੇਤ ਵਿਦਿਆਰਥੀ ਸੰਗਠਨਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਬਹੁਤ ਸਾਰੇ ਸਾਬਕਾ ਸੈਨੇਟ ਮੈਂਬਰਾਂ ਤੇ ਗ੍ਰੈਜੂਏਟ ਹਲਕੇ ਦੇ ਉਮੀਦਵਾਰਾਂ ਨੇ ਰੋਸ ਰੈਲੀ ਵਿੱਚ ਹਿੱਸਾ ਲਿਆ। ਰੈਲੀ ਉਪ ਕੁਲਪਤੀ ਰਾਜ ਕੁਮਾਰ ਦੇ ਦਫ਼ਤਰ ਤੋਂ ਉਨ੍ਹਾਂ ਦੇ ਕੈਂਪਸ ਨਿਵਾਸ ਤੱਕ ਕੱਢਿਆ ਗਿਆ।

ਪ੍ਰਦਰਸ਼ਨਕਾਰੀਆਂ ਨੇ ਗ੍ਰੈਜੂਏਟ ਹਲਕੇ ਲਈ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਕੀਤੀ, ਜੋ ਪਿਛਲੇ ਹਫਤੇ ਯੂਨੀਵਰਸਿਟੀ ਵੱਲੋਂ ਮੁਲਤਵੀ ਕਰ ਦਿੱਤੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੀਸੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਗ੍ਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਰਵਿੰਦਰ ਸਿੰਘ ਧਾਲੀਵਾਲ (ਬਿੱਲਾ ਧਾਲੀਵਾਲ) ਨੇ ਕਿਹਾ, “ਯੂਨੀਵਰਸਿਟੀ ਅਧਿਕਾਰੀਆਂ ਨੂੰ ਬਿਨਾਂ ਸਮਾਂ ਗੁਆਏ ਮਤਦਾਨ ਦੀ ਤਾਰੀਖ ਤੈਅ ਕਰਨੀ ਚਾਹੀਦੀ ਹੈ। ਦੇਰੀ ਤੇ ਅਨਿਸ਼ਚਿਤਤਾ ਨੇ ਪਹਿਲਾਂ ਹੀ ਇਸ ਮਹਾਨ ਲੋਕਤੰਤਰੀ ਸੰਸਥਾ ਦੀ ਭਰੋਸੇਯੋਗਤਾ ਤੇ ਅਕਸ ਨੂੰ ਢਾਹ ਲਾ ਦਿੱਤੀ ਹੈ। ਅੱਜ ਪ੍ਰਦਰਸ਼ਨ ਦੌਰਾਨ ਵੀਸੀ ਦੀ ਡੈਲੀਗੇਸ਼ਨ ਨੇ ਜ਼ੁਬਾਨੀ ਕਿਹਾ ਕਿ ਉਹ ਜਲਦ ਚੋਣ ਕਰਵਾ ਦੇਣਗੇ ਪਰ ਲਿਖਤੀ ਤੇ ਕੋਈ ਪੱਕੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ।”

ਉਨ੍ਹਾਂ ਕਿਹਾ, “ਸਾਡੇ ਧਰਨੇ ਨੂੰ ਕਾਫੀ ਜਥੇਬੰਦੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ।ਇਸ ਦੌਰਾਨ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਨੂੰ ਤੁਰੰਤ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ।” ਐਸਐਫਐਸ, ਐਸਓਆਈ, ਐਸਓਪੀਯੂ ਅਤੇ ਏਐਸਏ ਨਾਲ ਜੁੜੇ ਵਿਦਿਆਰਥੀਆਂ ਨੇ ਬੁੱਧਵਾਰ ਨੂੰ ਆਪਣੀਆਂ ਮੰਗਾਂ ਲਈ ਦਬਾਅ ਬਣਾਉਣ ਲਈ ਕੈਂਪਸ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਪਹਿਲਾਂ ਵੋਟਿੰਗ 18 ਅਗਸਤ ਨੂੰ ਹੋਣੀ ਸੀ ਪਰ ਹੁਣ ਇਸ ਨੂੰ ਵਾਰ-ਵਾਰ ਮੁਲਤਵੀ ਕਰ ਦਿੱਤਾ ਗਿਆ ਤੇ ਚੋਣਾਂ ਦੀ ਨਵੀਂ ਤਾਰੀਖ ਦਾ ਵੀ ਐਲਾਨ ਨਹੀਂ ਕੀਤਾ ਗਿਆ।

ਪੰਜਾਬ ਯੂਨੀਵਰਸਿਟੀ ਲਈ ਸੈਨੇਟ ਬਾਡੀ ਚੋਣਾਂ ਇੱਕ ਸਾਲ ਤੋਂ ਲਟਕ ਰਹੀਆਂ ਸਨ ਤੇ ਆਖਰਕਾਰ 3 ਅਗਸਤ ਨੂੰ ਸ਼ੁਰੂ ਹੋਈਆਂ ਤੇ 23 ਅਗਸਤ ਨੂੰ ਖਤਮ ਹੋਣੀਆਂ ਸਨ। ਚੋਣਾਂ ਅਸਲ ਵਿੱਚ ਪਿਛਲੇ ਸਾਲ ਅਗਸਤ ਵਿੱਚ ਹੋਣੀਆਂ ਸਨ ਪਰ ਉਪ-ਕੁਲਪਤੀ (ਵੀਸੀ) ਰਾਜ ਕੁਮਾਰ ਨੇ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰ ਦਿੱਤੀਆਂ ਸਨ। ਇਸ ਸਾਲ ਅਪ੍ਰੈਲ ਵਿੱਚ ਹਾਈ ਕੋਰਟ ਵੱਲੋਂ ਦੇਰੀ ਲਈ ਵੀਸੀ ਨੂੰ ਖਿੱਚਣ ਤੋਂ ਬਾਅਦ, ਚੋਣਾਂ 26 ਅਪ੍ਰੈਲ ਤੋਂ ਦੁਬਾਰਾ ਹੋਣੀਆਂ ਸਨ, ਪਰ ਕੋਵਿਡ-19 ਦੀ ਮਾਰੂ ਦੂਜੀ ਲਹਿਰ ਦੇ ਕਾਰਨ ਮੁੜ ਮੁਲਤਵੀ ਕਰ ਦਿੱਤੀਆਂ ਗਈਆਂ।

8 ਜੁਲਾਈ ਨੂੰ, ਹਾਈਕੋਰਟ ਨੇ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ 16 ਜੁਲਾਈ ਤੱਕ ਸੈਨੇਟ ਚੋਣਾਂ ਦੇ ਕਾਰਜਕ੍ਰਮ ਨੂੰ ਰਿਕਾਰਡ ਵਿੱਚ ਰੱਖੇ।ਹੁਣ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਵੋਟਾਂ ਨਾ ਕਰਵਾਈਆਂ ਗਈਆਂ ਤਾਂ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਏਗਾ।

LEAVE A REPLY

Please enter your comment!
Please enter your name here