*ਪੰਜਾਬ ਯੂਥ ਕਾਂਗਰਸ ਨੂੰ ਝਟਕਾ ; ਕਾਂਗਰਸ ਯੂਥ ਵਿੰਗ ਦੇ ਜਨਰਲ ਸਕੱਤਰ ਚੁਸਪਿੰਦਰਵੀਰ ਚਹਿਲ ਸਾਥੀਆਂ ਸਮੇਤ ਆਪ ਵਿਚ ਸ਼ਾਮਿਲ*

0
204

ਮਾਨਸਾ/ਜੋਗਾ , 6 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਪੰਜਾਬ ਯੂਥ ਕਾਂਗਰਸ ਦੇ ਥੰਮ ਜਨਰਲ ਸਕੱਤਰ, ਜ਼ਿਲਾ ਕਾਂਗਰਸ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ ਆਪਣੇ ਸੈਂਕੜੇ ਸਾਥੀਆਂ ਸਮੇਤ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦੀ ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ। ਕਾਂਗਰਸ ਪਾਰਟੀ ਛੱਡ ਕੇ ਆਉਣ ਵਾਲੇ ਚੁਸਪਿੰਦਰਵੀਰ ਚਹਿਲ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲਾ ਮਾਨਸਾ ਦੇ ਪਿੰਡ ਭੁਪਾਲ ਕਲਾਂ ਨਾਲ ਸਬੰਧਤ ਯੂਥ ਕਾਂਗਰਸ ਨੇਤਾ ਚੁਸਪਿੰਦਰਵੀਰ ਚਹਿਲ ਨੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਦਵਾਈ ਬੂਟੀ, ਰਾਸ਼ਨ ਅਤੇ ਗਰੀਬ ਕੁੜੀਆਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਆਰਥਿਕ ਮੱਦਦ ਕਰਕੇ ਸਹਾਇਤਾ ਕੀਤੀ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਵੀ ਯੂਥ ਵਿੰਗ ਵਲੋਂ ਦਿੱਲੀ ਜਾ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਅਤੇ ਮਹਿੰਗਾਈ ਅਤੇ ਹੋਰ ਸਮਾਜਿਕ ਮੁੱਦਿਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦਿਹਾੜਾ ਮਨਾਉਣ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਵਲੋਂ ਪਾਰਟੀ ਦੇ ਯੂਥ ਵਿੰਗ ਕੋਟੇ ਵਿਚੋਂ ਵਿਧਾਨ ਸਭਾ ਲਈ ਪਾਰਟੀ ਪਾਸੋਂ ਟਿਕਟ ਦੀ ਵੀ ਮੰਗ ਕੀਤੀ ਗਈ। ਅੱਜ ਕੱਲ ਉਹ ਸਰਗਰਮ ਰਾਜਨੀਤੀ ਤੋਂ ਹਟ ਕੇ ਚੱਲ ਰਹੇ ਸਨ ਅਤੇ ਸੋਮਵਾਰ ਨੂੰ ਉਨ੍ਹਾਂ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਕਾਂਗਰਸ ਪਾਰਟੀ ਦੇ ਯੂਥ ਵਿੰਗ ਅੰਦਰ ਆਪਣਾ ਜਨ ਅਧਾਰ ਰੱਖਣ ਵਾਲੇ ਚੁਸਪਿੰਦਰਵੀਰ ਸਿੰਘ ਦੇ ਆਪ ’ਚ ਜਾਣ ਨੂੰ ਲੈ ਕੇ ਪਾਰਟੀ ਲਈ ਇਹ ਇਕ ਝਟਕਾ ਵੀ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹੋ ਜਿਹੇ ਉਦਮੀ ਅਤੇ ਮਿਹਨਤੀ ਨੌਜਵਾਨਾਂ ਸਦਕਾ ਆਮ ਆਦਮੀ ਪਾਰਟੀ ਦਾ ਜਨ ਅਧਾਰ ਮਜਬੂਤ ਹੋਇਆ ਹੈ ਅਤੇ ਇਹਨਾਂ ਨੌਜਵਾਨਾਂ ਨੇ ਹੀ ਦੇਸ਼ ਅਤੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਹੈ। ਚੁਸਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ, 2 ਸਾਲਾਂ ਦੀ ਸਰਕਾਰ ਦੀ ਧੜੱਲੇਦਾਰ ਅਤੇ ਨਿਵੇਕਲੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਪ ਦਾ ਪੱਲਾ ਫੜਿਆ ਹੈ। ਜਿਸ ਨੇ ਸੂਬੇ ਪੰਜਾਬ ਲਈ ਤਰੱਕੀ ਦਾ ਮੁੱਢ ਬੰਨਿਆ ਹੈ। ਇਸ ਸਰਕਾਰ ਨਾਲ ਪੰਜਾਬ ਤਰੱਕੀ ਦੀਆਂ ਮੰਜਿਲਾਂ ਤੇ ਪਹੁੰਚੇਗਾ। ਅੱਜ ਦੇ ਗੰਧਲੇ ਹੋ ਰਹੇ ਰਾਜਨੀਤਿਕ ਮਾਹੌਲ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਦਰਸ਼ਤਾ ਨਾਲ ਨਿਵੇਕਲੇ, ਢੰਗ ਈਮਾਨਦਾਰੀ ਵਾਲੇ ਅਤੇ ਸੂਬੇ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੋੜ ਕੇ ਕੰਮ ਕਰਨਗੇ। ਇਸ ਮੌਕੇ ਚੁਸਪਿੰਦਰਬੀਰ ਸਿੰਘ ਚਹਿਲ ਨਾਲ ਵੱਡੀ ਵੱਡੀ ਗਿਣਤੀ ਸਰਪੰਚ, ਪੰਚ, ਬਲਾਕ ਸੰਮਤੀ ਚੇਅਰਮੈਨ, ਤੇ ਯੂਥ ਕਾਂਗਰਸ ਦੇ ਸਾਥੀ ਹਾਜ਼ਰ ਸਨ।

LEAVE A REPLY

Please enter your comment!
Please enter your name here