ਪੰਜਾਬ ਮੰਡੀ ਬੋਰਡ ਨੂੰ ‘ਕਵਿਕ’ ਐਪ ਲਈ ਕੌਮੀ ਪੀ.ਐਸ.ਯੂ. ਐਵਾਰਡ-2020 ਹਾਸਲ

0
7

ਚੰਡੀਗੜ, 26 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਮੰਡੀ ਬੋਰਡ ਵੱਲੋਂ ਆਪਣੀ ਕਿਸਮ ਦੀ ਨਿਵੇਕਲੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦੇ ਸਫਲਤਾਪੂਰਵਕ ਸੰਚਾਲਨ ‘ਤੇ ਮੰਡੀ ਬੋਰਡ ਨੂੰ ‘ਕੌਮੀ ਪੀ.ਐਸ.ਯੂ. ਐਵਾਰਡ-2020’ ਹਾਸਲ ਹੋਇਆ ਹੈ। ਇਹ ਐਵਾਰਡ ਬੀਤੇ ਦਿਨ ਦੇਰ ਸ਼ਾਮ ਕੌਮੀ ਪੀ.ਐਸ.ਯੂ. (ਪਬਲਿਕ ਸੈਕਟਰ ਅੰਡਰਟੇਕਿੰਗ) ਸੰਮੇਲਨ ਦੌਰਾਨ ਏਸ਼ੀਆ ਦੀ ਤਕਨਾਲੌਜੀ ਅਤੇ ਮੀਡੀਆ ਰਿਸਰਚ ਖੇਤਰ ਦੀ ਪ੍ਰਮੁੱਖ ਸੰਸਥਾ ‘ਈਲੈਟਸ ਟੈਕਨੋਮੀਡੀਆ’ ਵੱਲੋਂ ਦਿੱਤਾ ਗਿਆ।

ਸੰਮੇਲਨ ਵਿਚ ਪੰਜਾਬ ਮੰਡੀ ਬੋਰਡ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਜਿਸ ਰਾਹੀਂ ਮੰਡੀ ਬੋਰਡ ਦੀਆਂ ਰੋਜ਼ਮੱਰਾ ਦੀਆਂ ਗਤੀਵਧੀਆਂ ਚਲਾਉਣ ਲਈ ਐਪ ਦੇ ਰੂਪ ਵਿਚ ਮੰਚ ਮੁਹੱਈਆ ਕਰਵਾਇਆ ਗਿਆ ਜਿਸ ਉਪਰ ਸੀਨੀਅਰ ਅਧਿਕਾਰੀ ਆਪਣੇ ਫੀਲਡ ਸਟਾਫ ਨਾਲ ਲਗਾਤਾਰ ਰਾਬਤੇ ਵਿਚ ਰਹਿੰਦੇ ਹਨ ਤਾਂ ਕਿ ਕੋਵਿਡ ਦੀ ਮਹਾਂਮਾਰੀ ਦੌਰਾਨ ਫਸਲ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜੇ ਜਾਣ ਨੂੰ ਯਕੀਨੀ ਬਣਾਉਣ ਜਾ ਸਕੇ।

ਇਹ ਪਗਟਾਵਾ ਕਰਦਿਆਂ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੰਮੇਲਨ ਦੌਰਾਨ ਕਵਿਕ ਐਪ ਨੂੰ ਕੋਵਿਡ-19 ਦੌਰਾਨ ਵਿਲੱਖਣ ਡਿਜੀਟਲ ਪਹਿਲਕਦਮੀ ਦੱਸਦੇ ਵਜੋਂ ਮਾਨਤਾ ਦਿੰਦੇ ਹੋਏ ਕੌਮੀ ਪੀ.ਐਸ.ਯੂ. ਐਵਾਰਡ-2020 ਲਈ ਪੰਜਾਬ ਮੰਡੀ ਬੋਰਡ ਦੀ ਚੋਣ ਕੀਤੀ ਗਈ। ਇਸ ਸੰਮੇਲਨ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਰੇਲਵੇ ਮੰਤਰੀ ਅਤੇ ਸੰਸਦ ਮੈਂਬਰ ਸੁਰੇਸ਼ ਪ੍ਰਭੂ ਸਨ। ਉਨਾਂ ਦੱਸਿਆ ਕਿ ਵੈਬੀਨਾਰ ਦੌਰਾਨ ਮੰਡੀ ਬੋਰਡ ਦੀ ਟੀਮ ਨੇ ਇਹ ਐਵਾਰਡ ਹਾਸਲ ਕੀਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਬੋਰਡ ਨੇ ਕਵਿਕ ਵੀਡੀਓ ਕਾਲਿੰਗ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਜਿਸ ਨਾਲ ਸਿਰਫ ਸਿੰਗਲ ਕਲਿੱਕ ਨਾਲ ਆਡੀਓ ਤੇ ਵੀਡੀਓ ਕਾਲ ਕੀਤੀ ਜਾ ਸਕਦੀ ਹੈ। ਇਸ ਵੇਲੇ ਵੀ ਇਸ ਐਪ ਦੀ ਵਰਤੋਂ ਰਾਹੀਂ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਨਾਲ ਝੋਨੇ ਦੀ ਖਰੀਦ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਸੁਚਾਰੂ ਢੰਗ ਨਾਲ ਕਰ ਰਹੇ ਹਨ। ਈਲੈਟਸ ਟੈਕਨੋਮੀਡੀਆ ਦੀਆਂ ਆਲਮੀ ਕਾਨਫਰੰਸਾਂ ਰਾਹੀਂ ਉਚ ਕੋਟੀ ਦੇ ਚਿੰਤਕਾਂ ਅਤੇ ਵੱਖ-ਵੱਖ ਸੈਕਟਰਾਂ ਨਾਲ ਸਬੰਧਤ ਉਦਯੋਗਿਕ ਦਿੱਗਜਾਂ ਦਰਮਿਆਨ ਜਾਣਕਾਰੀ ਸਾਂਝਾ ਕਰਨ ਲਈ ਮੰਚ ਮੁਹੱਈਆ ਕਰਦਾ ਹੈ ਅਤੇ ਇਨਾਂ ਕਾਨਫਰੰਸਾਂ ਵਿਚ ਆਈ.ਟੀ. ਤੇ ਈ-ਗਵਰਨੈਂਸ, ਸਿਹਤ, ਸਿੱਖਿਆ ਅਤੇ ਸ਼ਹਿਰੀ ਵਿਕਾਸ ਸੈਕਟਰਾਂ ਦੇ ਵੱਖ-ਵੱਖ ਨੀਤੀਘਾੜੇ, ਮਾਹਿਰ, ਵਿਚਾਰਕਧਾਰਕ ਅਤੇ ਉਦਯੋਗਪਤੀ ਹਿੱਸਾ ਲੈਂਦੇ ਹਨ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਜਿਹੀ ਆਧੁਨਿਕ ਤਕਨਾਲੌਜੀ ਨੂੰ ਅਪਣਾਉਣ ਅਤੇ ਸੰਚਾਲਨ ਲਈ ਮੰਡੀ ਬੋਰਡ ਦੇ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੌਜੀ ਮੌਜੂਦਾ ਦੌਰ ਵਿਚ ਸਮੇਂ ਦੀ ਲੋੜ ਹੈ। ਉਹਨਾਂ ਨੇ ਇਸ ਐਵਾਰਡ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਕਿਉਂ ਜੋ ਬੋਰਡ ਨੇ ਮੌਜੂਦਾ ਸਥਿਤੀ ਵਿਚ ਅਜਿਹਾ ਅਨੋਖਾ ਹੱਲ ਕੱਢਿਆ ਜੋ ਅਜੇ ਤੱਕ ਹੋਰ ਸਰਕਾਰੀ ਵਿਭਾਗਂ ਕੋਲ ਨਹੀਂ ਹੈ।

ਇਸੇ ਦੌਰਾਨ ਵਧੀਕ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਵੀ ਇਸ ਵਿਲੱਖਣ ਪ੍ਰਾਪਤੀ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਮੰਡੀ ਬੋਰਡ ਦੀ ਟੀਮ ਨੇ ਹਮੇਸ਼ਾ ਹੀ ਬੋਰਡ ਅਤੇ ਉਸ ਦੇ ਫੀਲਡ ਸਟਾਫ ਲਈ ਈ-ਗਵਰਨੈਂਸ ਤੇ ਧਿਆਨ ਇਕਾਗਰ ਕੀਤਾ ਹੈ। ਉਹਨਾਂ ਵਲੋਂ ਵਿਭਾਗ ਦੀ ਜਿੰਮੇਵਾਰੀ ਲੈਣ ਤੋਂ ਲੈ ਕੇ ਉਹ ਖੁਦ ਅਜਿਹੇ ਪਰਾਜੈਕਟਾਂ ਦੇ ਅਮਲੀਕਰਨ ਲਈ ਹਫਤਾਵਾਰੀ ਅਧਾਰ ਤੇ ਜਾਇਜਾ ਲੈਂਦੇ ਹਨ। ਉਹਨਾਂ ਨੇ ਤਕਨਾਲੌਜੀ ਅਧਾਰਿਤ ਕਈ ਕਦਮਾਂ ਨੂੰ ਸ਼ਾਮਲ ਕਰਦੇ ਹੋਏ ਬਹੁਤ ਸੁਝਾਅ ਦਿੱਤੇ ਹਨ।

ਇਸੇ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਇਹ ਐਪ ਇਕ ਨਿਵੇਕਲਾ ਉਪਰਾਲਾ ਹੈ ਜੋ ਸੰਚਾਰ, ਪਾਰਦਰਸ਼ਤਾ ਅਤੇ ਦਫ਼ਤਰੀ ਕੰਮਕਾਜ ਦੇ ਤੇਜੀ ਨਾਲ ਨਿਪਟਾਰੇ ਲਈ ਵਧੇਰੇ ਸੁਰੱਖਿਆ ਮੁਹੱਈਆ ਕਰਵਾਏਗਾ। ਇਸ ਐਪ ਦੀਆਂ ਵਿਸ਼ੇਸ਼ਤਾਵਾਂ ਵਿਚ ਇਕ ਕਲਿੱਕ ਨਾਲ ਵੀਡੀਓ ਤੇ ਆਡੀਓ ਕਾਲਾਂ, ਗਰੁੱਪ ਕਾਲਜ਼ ਲਈ ਗਰੁੱਪ ਦੀ ਸਿਰਜਣਾ, ਬਰਾਊਜ਼ਰ ਅਧਾਰਿਤ ਵੀਡੀਓ ਕਾਲਜ਼, ਸਕਰੀਨ ਸ਼ੇਅਰਿੰਗ, ਯੂਜ਼ਰ ਪੱਖੀ ਯੂ.ਆਈ. ਡਿਜਾਈਨ ਤੇ ਸੁਰੱਖਿਆ ਸ਼ਾਮਲ ਹਨ।

ਜਿਕਰਯੋਗ ਹੈ ਕਿ ਸ਼ੁਰੂਆਤ ਤੋਂ ਲੈ ਕੇ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਨੇ ਖੇਤੀਬਾੜੀ ਸੈਕਟਰ ਵਿਚ ਕਿਸਾਨਾਂ ਤੇ ਆਮ ਲੋਕਾਂ ਸਮੇਤ ਹਮੇਸ਼ਾ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ। ਇਸ ਉਦੇਸ਼ ਲਈ ਮੰਡੀ ਬੋਰਡ, ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਸਿਰ ਕੀਤੇ ਗਏ ਉਪਰਾਲਿਆਂ ਨੂੰ ਅੱਗੇ ਲਿਜਾਣ ਵਿਚ ਯੋਗਦਾਨ ਪਾਉਂਦਾ ਆ ਰਿਹਾ ਹੈ। ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਵਲੋਂ ਲਏ ਗਏ ਮਹੱਤਵਪੂਰਨ ਫੈਸਲਿਆਂ ਵਿਚ ਮਜ਼ਬੂਤ ਮੰਡੀ ਢਾਂਚਾ ਸਥਾਪਤ ਕੀਤਾ ਜਾਣਾ ਮੁੱਖ ਤੌਰ ਤੇ ਸ਼ਾਮਲ ਹੈ। ਮੁਲਕ ਦੇ ਹੋਰ ਸੂਬੇ ਪੰਜਾਬ ਨੂੰ ਖੇਤੀਬਾੜੀ ਸੈਕਟਰ ਖਾਸ ਕਰਕੇ ਪੰਜਾਬ ਮੰਡੀ ਬੋਰਡ ਦੇ ਸੰਦਰਭ ਵਿਚ ਮਿਸਾਲ ਦੇ ਤੌਰ ਤੇ ਦੇਖਦੇ ਹਨ। ਇਸੇ ਤਰਾਂ ਮੰਡੀ ਬੋਰਡ ਨੇ ਸੂਚਨਾ ਤਕਨਾਲੌਜੀ ਦੇ ਖੇਤਰ ਵਿਚ ਵੀ ਅਹਿਮ ਪੁਲਾਂਘਾਂ ਪੁੱਟੀਆਂ ਹਨ ਤਾਂ ਕਿਸਾਨ ਭਾਈਚਾਰੇ ਅਤੇ ਆਮ ਲੋਕਾਂ ਤੱਕ ਰਸਾਈ ਕੀਤੀ ਜਾ ਸਕੇ।

———

LEAVE A REPLY

Please enter your comment!
Please enter your name here