
ਚੰਡੀਗੜ, 01 ਅਗਸਤ(ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਵਿੱਚ ਰਾਜ ਭਰ ਦੀਆਂ ਤਕਰੀਬਨ 53 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਆਪਣੀ ਇਸੇ ਕਾਰਗੁਜ਼ਾਰੀ ਸਦਕਾ ਆਂਗਨਵਾੜੀ ਵਰਕਰ ਤੇ ਹੈਲਪਰ ‘ਮਿਸ਼ਨ ਫਤਹਿ‘ ਤਹਿਤ ਹੁਣ ਤੱਕ ਸੋਨੇ ਦੇ 31 ਅਤੇ ਚਾਂਦੀ ਦੇ 133 ਬੈਜ ਜਿੱਤ ਚੁੱਕੇ ਹਨ।
ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਕੁੱਲ 27314 ਆਂਗਨਵਾੜੀ ਸੈਂਟਰ ਹਨ, ਜਿਨਾਂ ਵਿੱਚ ਕੰਮ ਕਰਦੀਆਂ 27295 ਆਂਗਨਵਾੜੀ ਵਰਕਰ ਤੇ 26055 ਹੈਲਪਰ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਉਨਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੀ ਲੋਕਾਂ ਤੱਕ ਸਿੱਧੀ ਤੇ ਸਰਲ ਪਹੁੰਚ ਹੁੰਦੀ ਹੈ, ਜਿਸ ਕਾਰਨ ਉਨਾਂ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੋਰ ਵਿਭਾਗਾਂ ਦੇ ਮੁਕਾਬਲੇ ਜ਼ਿਆਦਾ ਸੌਖਾ ਹੁੰਦਾ ਹੈ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਲੋਕਾਂ ਨੂੰ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਿਕਸਤ ਕੋਵਾ ਐਪ ਵੀ ਉਨਾਂ ਦੇ ਮੋਬਾਈਲ ਫੋਨਾਂ ਉਤੇ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਲੋਕਾਂ ਤੱਕ ਫੌਰੀ ਤੌਰ ‘ਤੇ ਪਹੁੰਚ ਸਕਣ ਅਤੇ ਇਸ ਦੇ ਨਾਲ ਨਾਲ ਉਨਾਂ ਨੂੰ ਪੀੜਤ ਵਿਅਕਤੀ ਦੇ ਵੀ ਨੇੜੇ ਆਉਣ ਦਾ ਪਹਿਲਾਂ ਹੀ ਪਤਾ ਚੱਲ ਜਾਵੇ ਅਤੇ ਲੋਕ ਆਪਣਾ ਬਚਾਅ ਕਰ ਸਕਣ। ਉਨਾਂ ਦੱਸਿਆ ਕਿ ਵਰਕਰਾਂ ਨੇ ਆਂਗਨਵਾੜੀਆਂ ਦੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸੈਂਟਰਾਂ ਦੀਆਂ ਕੰਧਾਂ ਉਤੇ ਜਾਗਰੂਕਤਾ ਪੋਸਟਰ ਤੇ ਪੇਂਟਿੰਗਾਂ ਵੀ ਚਿਪਕਾਈਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਵਰਕਰਾਂ ਨੇ ਲੋਕਾਂ ਨੂੰ ਸਹੀ ਤਰੀਕੇ ਨਾਲ ਹੱਥ ਧੋਣ ਬਾਰੇ ਦੱਸਣ ਦੇ ਨਾਲ ਨਾਲ ਖ਼ੁਦ ਮਾਸਕ ਤਿਆਰ ਕਰ ਕੇ ਵੀ ਲੋਕਾਂ ਨੂੰ ਵੰਡੇ। ਇਸ ਦੇ ਨਾਲ ਨਾਲ ਲੌਕਡਾਊਨ ਦੌਰਾਨ ਲਾਭਪਾਤਰੀ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡਿਆ ਗਿਆ ਤਾਂ ਕਿ ਉਨਾਂ ਦੇ ਪੋਸ਼ਣ ਵਿੱਚ ਕੋਈ ਕਮੀ ਨਾ ਆਵੇ। ਸਮਾਜਿਕ ਸੁਰੱਖਿਆ ਵਿਭਾਗ ਦੇ ਇਹ ਵਰਕਰ ਦੂਜੇ ਦੇਸ਼ਾਂ ਜਾਂ ਰਾਜਾਂ ਤੋਂ ਆਉਣ ਵਾਲਿਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਵਾਉਣ ਲਈ ਸਿਹਤ ਵਿਭਾਗ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।——–
\
