
ਚੰਡੀਗੜ/ਮੋਹਾਲੀ, 17 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੂਬੇ ਵਿੱਚ ਲਾਈਫ ਸਾਇੰਸਿਜ਼ ਤੇ ਬਾਇਓਤਕਨਾਲੌਜੀ ਖੇਤਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸਾਲ 2005 ਵਿੱਚ ਇਸ ਦੇ ਬਾਨੀ ਸੀ.ਈ.ਓ. ਡਾ. ਐਸ.ਐਸ. ਮਰਵਾਹਾ ਵੱਲੋਂ ਸਥਾਪਿਤ ਪੰਜਾਬ ਬਾਇਓਤਕਨਾਲੌਜੀ ਇਨਕਿਊਬੇਟਰ (ਪੀ.ਬੀ.ਟੀ.ਆਈ.) ਨੇ ਲੰਮਾ ਸਮਾਂ ਤੈਅ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੀ.ਬੀ.ਟੀ.ਆਈ., ਸੈਕਟਰ-81 ਦੀ ਨੌਲੇਜ਼ ਸਿਟੀ ਵਿਖੇ ਨਵੀਂ ਬਣ ਰਹੀ ਇਮਾਰਤ ਦਾ ਵਰਚੁਅਲ ਉਦਘਾਟਣ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਸਕੱਤਰ ਸਾਇੰਸ, ਤਕਾਨਾਲੌਜੀ ਤੇ ਵਾਤਾਵਰਣ ਵਿਭਾਗ ਆਲੋਕ ਸ਼ੇਖਰ ਨੇ ਦੱਸਿਆ ਕਿ ਸੂਬੇ ਵਿੱਚ ਬਾਇਓਤਕਨਾਲੌਜੀ ਖੇਤਰ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰਤੀਬੱਧਤਾ ਵਜੋਂ ਪੀ.ਬੀ.ਟੀ.ਆਈ. ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਕੋਵਿਡ-19 ਦੀ ਚੁਣੌਤੀ ਦੇ ਬਾਵਜੂਦ ਵੀ ਇੱਕ ਏਕੜ ਜ਼ਮੀਨ ਉੱਤੇ ਜੰਗੀ ਪੱਧਰ ’ਤੇ ਜ਼ਾਰੀ ਹੈ। ਇਸ ਉੱਤੇ 31 ਕਰੋੜ ਰੁਪਏ ਦਾ ਖ਼ਰਚ ਆਵੇਗਾ। ਉਨਾਂ ਅੱਗੇ ਦੱਸਿਆ ਕਿ ਨਵੀਂ ਇਮਾਰਤ ਵਿੱਚ ਮੌਜੂਦਾ ਸੁਵਿਧਾਵਾਂ ਦਾ ਵਿਸਥਾਰ ਕਰਦੇ ਹੋਏ ਹੁਨਰ ਵਿਕਾਸ ਕੇਂਦਰ, ਪਲੱਗ ਤੇ ਪਲੇਅ ਸੁਵਿਧਾ, ਕਾਮਨ ਇੰਸਟਰੁਮੈਂਟੇਸ਼ਨ ਸਾਂਝੀ ਸੁਵਿਧਾ ਅਤੇ ਪੀ.ਬੀ.ਟੀ.ਆਈ.-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਂਝੇ ਵਾਤਾਵਰਣ ਸਰੋਤ ਕੇਂਰਦ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ। ਪ੍ਰਮੁੱਖ ਸਕੱਤਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੌਜੀ ਦੀ ਬੇਸਮੈਂਟ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹੋਏ ਪੀ.ਬੀ.ਟੀ.ਆਈ. ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਵੱਖੋ-ਵੱਖ ਮੰਤਰਾਲਿਆਂ ਜਿਵੇਂ ਕਿ ਸਾਇੰਸ ਤੇ ਤਕਨਾਲੌਜੀ, ਵਣਜ ਤੇ ਉਦਯੋਗ ਫੂਡ ਪ੍ਰੋਸੈਸਿੰਗ ਉਦਯੋਗ ਸਿਹਤ ਅਤੇ ਪਰਿਵਾਰ ਭਲਾਈ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਵਾਤਾਵਰਣ, ਜੰਗਲਾਤ ਤੇ ਮੋਸਮ ਬਦਲਾਅ ਦੀ ਮਦਦ ਨਾਲ ਹੁਣ ਤੱਕ ਦੁੱਗਣੀ-ਚੋਗੁਣੀ ਤਰੱਕੀ ਕੀਤੀ ਹੈ। ਪੀ.ਬੀ.ਟੀ.ਆਈ. ਮੌਜੂਦਾ ਸੀ.ਈ.ਓ. ਡਾ. ਅਜੀਤ ਕੌਰ ਦੁਆ ਨੇ ਹੋਰ ਚਾਨਣਾ

ਪਾਉਂਦਿਆਂ ਦੱਸਿਆ ਕਿ ਮੌਜੂਦਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੀ.ਬੀ.ਟੀ.ਆਈ. ਵਿਖੇ ਇਕ ਹਜ਼ਾਰ ਟੈਸਟ ਪ੍ਰਤੀ ਦਿਨ ਦੀ ਸਮਰੱਥਾ ਵਾਲੀ ਕੋਵਿਡ-19 ਟੈਸਟਿੰਗ ਲੈਬ ਵੀ ਸਥਾਪਿਤ ਕੀਤੀ ਗਈ ਹੈ।ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੀ.ਬੀ.ਟੀ.ਆਈ. ਵੱਲੋਂ ਪ੍ਰਦਾਨ ਕੀਤੀਆਂ ਗਈਆਂ ਵਡਮੁੱਲੀਆਂ ਵਿਸ਼ਲੇਸ਼ਣਾਤਮਕ ਸੇਵਾਵਾਂ ਦੇ ਚਲਦਿਆਂ ਪੰਜਾਬ ਤੋਂ ਚੌਲਾਂ ਦੀ ਦਰਾਮਦ ਕੋਵਿਡ-19 ਲਾਕਡਾਊਨ ਦੇ ਬਾਵਜੂਦ ਵੀ ਸੰਭਵ ਹੋ ਸਕੀ। ਹੋਵ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਕੈਨੇਡਾ ਦੇ ਸਸਕਾਤੂਨ ਇਲਾਕੇ ਦੇ ਕਲੱਸਟਰ ਮਾਡਲ ’ਤੇ ਆਧਾਰਿਤ ਪੀ.ਬੀ.ਟੀ.ਆਈ. ਨੂੰ ਇਹ ਮਾਣ ਹਾਸਲ ਹੈ ਕਿ ਇਹ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲਿਬਰੇਸ਼ਨ ਲੈਬੋਰਟਰੀਜ਼ ਦੁਆਰਾ ਮਾਨਤਾ ਪ੍ਰਾਪਤ ਪੰਜਾਬ ਦੀ ਪਹਿਲੀ ਜਨਤਕ ਖੇਤਰ ਦੀ ਬਹੁ-ਆਯਾਮੀ ਲੈਬੋਰਟਰੀ ਹੈ ਜਿਸਦੇ ਤਹਿਤ 2500 ਮਾਪਦੰਡ ਕਵਰ ਹੁੰਦੇ ਹਨ। ਇਨਾਂ ਹੀ ਨਹੀਂ ਪੀ.ਬੀ.ਟੀ.ਆਈ. ਭਾਰਤ ਦੀ ਪਹਿਲੀ ਲੈਬ ਹੈ ਜਿਸ ਨੇ 2015 ਵਿੱਚ ਪਰਮਾਣੂ ਤਕਨੀਕ ’ਤੇ ਆਧਾਰਿਤ ਸ਼ਹਿਦ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੇ ਕੇਂਦਰ ਦੀ ਸਥਾਪਤੀ ਦਾ ਮਾਣ ਹਾਸਿਲ ਕੀਤਾ ਸੀ। ਇਹ ਪੰਜਾਬ ਦੀ ਪਹਿਲੀ ਅਜਿਹੀ ਲੈਬੋਰਟਰੀ ਹੈ ਜਿਸ ਨੂੰ ਕੌਮੀ ਤੇ ਸੂਬਾਈ ਪੱਧਰ ’ਤੇ 15 ਸਨਮਾਨ ਮਿਲ ਚੁੱਕੇ ਹਨ ਜਿਨਾਂ ਵਿੱਚ ਫੂਡ ਸੇਫਟੀ ਤੇ ਸਟੈਂਡਰਡਜ਼ ਐਕਟ, ਫੀਡਜ਼ ਐਕਟ, ਵਾਟਰ ਐਕਟ ਅਤੇ ਏਅਰ ਐਕਟ ਤਹਿਤ ਰੈਫਰਲ ਦਾ ਦਰਜ਼ਾ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਨੂੰ ਸ਼ਹਿਦ ਦੀ ਕੌਮੀ ਰੈਫਰੰਸ ਲੈਬੋਰਟਰੀ ਵਜੋਂ ਐਫ.ਐਸ.ਐਸ.ਏ.ਆਈ. ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਡਾਕਟਰ ਦੁਆ ਨੇ ਅੱਗੇ ਦੱਸਿਆ ਕਿ ਵਿਸ਼ਲੇਸ਼ਣਾਤਮਕ ਸੇਵਾਵਾਂ ਤੋਂ ਇਲਾਵਾ ਪੀ.ਬੀ.ਟੀ.ਆਈ. ਵੱਲੋਂ ਕੰਸਲਟੈਂਸੀ, ਹੁਨਰ ਵਿਕਾਸ, ਮਨੁੱਖੀ ਸਰੋਤ ਵਿਕਾਸ ਅਤੇ ਸਟਾਰਟ ਅਪ ਸਬੰਧੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਗਿਆਨਿਕ ਤੇ ਉਦਯੋਗਿਕ ਖੋਜ ਸੰਗਠਨ ਵਜੋਂ ਨਾਮਨਾ ਖੱਟਣ ਮਗਰੋਂ ਪੀ.ਬੀ.ਟੀ.ਆਈ. ਨੇ ਸੂਬਾ ਪੱਧਰ ’ਤੇ ਉਦਯੋਗ ਤੇ ਖੋਜ ਅਤੇ ਵਿਕਾਸ ਨਾਲ ਸਬੰਧਤ ਕਈ ਪ੍ਰੋਜੈਕਟ ਸਫਲਤਾ ਨਾਲ ਪੂਰੇ ਕੀਤੇ ਹਨ ਜਿਨਾਂ ਵਿੱਚੋਂ ਇਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਸੂਬੇ ਵਿੱਚ ਪੇਂਡੂ ਖੇਤਰਾਂ ਦੀਆਂ ਜਲ ਸਪਲਾਈ ਸਕੀਮਾਂ ਦਾ ਮੁਲੰਕਣ ਕਰਨਾ ਸੀ, ਜਿਸ ’ਤੇ ਆਧਾਰਿਤ ਕਈ ਫੈਸਲੇ ਲਏ ਗਏ ਜਿਨਾਂ ਵਿੱਚ ਇਸ ਖੇਤਰ ਵਿੱਚ ਉੱਚ ਪੱਧਰੀ ਤਕਨੀਕ ਦਾ ਇਸਤੇਮਾਲ ਅਤੇ ਆਰ.ਓ. ਪ੍ਰਣਾਲੀਆਂ ਨੂੰ ਚਾਲੂ ਕਰਨਾ ਸੀ। ਪੀ.ਬੀ.ਟੀ.ਆਈ. ਵੱਲੋਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਤੇ ਦੇਸ਼ ਵਿਚਲੀਆਂ ਹੋਰ ਸੂਬਾਈ ਖੁਰਾਕ ਲੈਬੋਰਟਰੀਆਂ ਨੂੰ ਤਕਨੀਕੀ ਕਿਸਮ ਦੀ ਮਦਦ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਭਾਰਤ ਭਰ ਵਿੱਚ ਲੈਬੋਰਟਰੀਆਂ ਦੀ ਸਥਾਪਨਾ ਅਤੇ ਉਨਾਂ ਦੇ ਕੰਮਕਾਰ ਨੂੰ ਸੁਚਰੂ ਢੰਗ ਨਾਲ ਚਲਾਉਣ ਲਈ ਵੀ ਪੀ.ਬੀ.ਟੀ.ਆਈ. ਦੀ ਮਦਦ ਲਈ ਜਾਂਦੀ ਹੈ। ਖੁਰਾਕ ਦੇ ਸੁਚੱਜੇ ਮਾਪਦੰਡ/ਗੁਣਵੱਤਾ ਤੈਅ ਕਰਨ ਸਬੰਧੀ ਵੀ ਪੀ.ਬੀ.ਟੀ.ਆਈ. ਦਾ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ (ਐਫ.ਏ.ਓ.) ਤੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨਾਲ ਗਹਿਰਾ ਤਾਲਮੇਲ ਹੈ ਜੋ ਇਸ ਲਈ ਇਕ ਵੱਡੀ ਪ੍ਰਾਪਤੀ ਹੈ। ਪੀ.ਬੀ.ਟੀ.ਆਈ. ਵੱਲੋਂ ਖੱਟੇ ਗਏ ਨਾਮਨੇ ਸਦਕਾ ਪੰਜਾਬ ਸਰਕਾਰ ਦੁਆਰਾ 2019 ਵਿੱਚ ਇਸ ਨੂੰ ਖੇਤੀਬਾੜੀ, ਖੁਰਾਕ, ਜਲ ਅਤੇ ਵਾਤਾਵਰਣ ਖੇਤਰਾਂ ਪੱਖੋਂ ਸੂਬਾਈ ਵਿਸ਼ਲੇਸ਼ਣਾਤਮਕ ਏਜੰਸੀ ਵਜੋਂ ਨੋਟੀਫਾਈ ਕੀਤਾ ਗਿਆ ਸੀ ਅਤੇ ਮਿਸ਼ਨ ਬਾਇਓਟੈਕ ਪੰਜਾਬ ਨੂੰ ਹੁਲਾਰਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਨਾਂ ਹੀ ਨਹੀਂ ਸਗੋਂ 2019 ਵਿੱਚ ਪੀ.ਬੀ.ਟੀ.ਆਈ. ਤੋਂ ਹੀ ਪੰਜਾਬ ਰਾਜ ਬਾਇਓਟੈਕ ਕਾਰਪੋਰੇਸ਼ਨ ਨੇ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ, ਜੋ ਕਿ ਕੇਂਦਰ ਸਰਕਾਰ ਦੇ ਬਾਇਓਤਕਨਾਲੌਜੀ ਵਿਭਾਗ ਦੀ ਬਾਇਓਤਕਨਾਲੋਜੀ ਉਦਯੋਗਿਕ ਖੋਜ ਵਿਕਾਸ ਕੌਂਸਲ ਦੀ ਮਦਦ ਨਾਲ ਸੂਬੇ ਵਿੱਚ ਲਾਈਫ ਸਾਇੰਸਿਜ਼ ਪਾਰਕ ਅਤੇ ਖੇਤੀਬਾੜੀ ਉਦੱਮਤਾ ਨੈਟਵਰਕ ਸਥਾਪਤ ਕਰਨ ਦੇ ਖੇਤਰ ਵਿੱਚ ਸਰਗਰਮ ਹੈ। ਇਸ ਕਦਮ ਨਾਲ ਆਮ ਕਰਕੇ ਦੇਸ਼ ਦੇ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਵਪਾਰੀਆਂ, ਕਿਸਾਨਾਂ, ਦਰਾਮਦਕਾਰਾਂ, ਉਦਯੋਗਪਤੀਆਂ, ਮਧੂਮੱਖੀ ਪਾਲਕਾਂ ਅਤੇ ਸਟਾਰਟ-ਅਪ ਸ਼ੁਰੂ ਕਰਨ ਵਾਲਿਆਂ ਨੂੰ ਬੇਹੱਦ ਲਾਭ ਪਹੁੰਚਿਆ ਕਿਉਂਜੋ ਇਨਾਂ ਨੂੰ ਹੁਣ ਆਪਣੇ ਜਾਂਚ ਨਮੂਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਂ ਦੇਸ਼ ਤੋਂ ਬਾਹਰ ਨਹੀਂ ਭੇਜਣੇ ਪੈਂਦੇ ਜਿਸ ਨਾਲ ਸਮੇਂ ਤੋਂ ਇਲਾਵਾ ਪੈਸੇ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਇਨਾਂ ਨੂੰ ਸਾਰੀਆਂ ਸੁਵਿਧਾਵਾਂ ਇੱਥੇ ਹੀ ਮਿਲ ਜਾਂਦੀਆਂ ਹਨ। —————–
