
ਚੰਡੀਗੜ੍ਹ, 28 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ): ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਜੰਗ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਆਪਣੀ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ ਵਿਚ ਐਨਡੀਪੀਐਸ ਐਕਟ ਅਧੀਨ 283 ਐਫਆਈਆਰ ਦਰਜ ਕਰਕੇ 392 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਹਫਤਾ ਭਰ ਚੱਲਣ ਵਾਲੀ ਇਹ ਮੁਹਿੰਮ 25 ਫਰਵਰੀ, 2021 ਨੂੰ ਸ਼ੁਰੂ ਹੋਈ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਨਾਕਾਬੰਦੀ, ਤਲਾਸ਼ੀ ਮੁਹਿੰਮ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਾਕੇ ਲਗਾ ਕੇ ਹੈਰੋਇਨ ਅਤੇ ਹੋਰ ਨਸ਼ੇ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਨ੍ਹਾਂ ਤਿੰਨ ਦਿਨਾਂ ਦੌਰਾਨ ਐਨਡੀਪੀਐਸ ਮਾਮਲਿਆਂ ਦੇ 15 ਘੋਸ਼ਿਤ ਅਪਰਾਧੀਆਂ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਤਹਿਤ ਪੰਜਾਬ ਪੁਲਿਸ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਸਮੇਂ ਸਮੇਂ ’ਤੇ ਵਿਆਪਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸਾਲ 2020 ਵਿੱਚ 700 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 3500 ਕਰੋੜ ਰੁਪਏ ਹੈ, ਜ਼ਬਤ ਕਰਕੇ ਅਤੇ 10,000 ਨਸ਼ਾ ਤਸਕਰਾਂ ਨੂੰ ਗਿ੍ਰਫ਼ਤਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ 101 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਨਾਲ ਨਸ਼ਿਆਂ ਦੀ ਸਪਲਾਈ ਚੇਨ ਟੁੱਟਣ ਦੇ ਨਾਲ ਨਾਲ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਏਗੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਨਾਲ ਸਾਲ 2020 ਵਿੱਚ ਸਿਰਫ਼ 19 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਸਾਲ 2019 ਅਤੇ 2018 ਵਿੱਚ ਕ੍ਰਮਵਾਰ 47 ਅਤੇ 111 ਵਿਅਕਤੀਆਂ ਦੀ ਨਸ਼ਿਆਂ ਕਰਕੇ ਜਾਨ ਗਈ ਹੈ।
ਨਸ਼ਿਆਂ ਵਿਰੁੱਧ ਇਸ ਮੌਜੂਦਾ ਮੁਹਿੰਮ ਦੇ ਤਹਿਤ ਤਰਨਤਾਰਨ ਪੁਲਿਸ ਨੇ ਤਕਨੀਕੀ, ਖ਼ੁਫ਼ੀਆ ਅਤੇ ਹੋਰ ਜਾਣਕਾਰੀ ਦੇ ਆਧਾਰ ’ਤੇ ਨਸ਼ਾ ਤਸਕਰੀ ਲਈ ਬਦਨਾਮ ਇਲਾਕਿਆਂ ਵਿੱਚ ਵੱਡੀ ਮੁਹਿੰਮ ਚਲਾਈ ਅਤੇ ਸਿਰਫ਼ 3 ਦਿਨਾਂ ਵਿਚ 1.39 ਕਿਲੋ ਹੈਰੋਇਨ ਅਤੇ ਵੱਡੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਦੇ ਗਿ੍ਰਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਵਿੱਚ ਇੱਕ ਵਿਅਕਤੀ ਚੋਰੀ ਦੇ ਮੋਟਰਸਾਇਕਲਾਂ ਅਤੇ ਮੋਬਾਇਲ ਫੋਨਾਂ ਬਦਲੇ ਨਸ਼ਿਆਂ ਦਾ ਲੈਣ-ਦੇਣ ਕਰਦਾ ਸੀ।
ਇਸੇ ਤਰ੍ਹਾਂ ਅੰਮਿ੍ਰਤਸਰ ਦਿਹਾਤੀ ਪੁਲਿਸ ਵੱਲੋਂ 89 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇੱਕ ਪਿਸਤੌਲ ਅਤੇ 25 ਕਾਰਤੂਸ ਬਰਾਮਦ ਕੀਤੇ ਗਏ ਹਨ ਜਦੋਂਕਿ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 6.23 ਕਿਲੋਗ੍ਰਾਮ ਅਫੀਮ, 4.50 ਕੁਇੰਟਲ ਭੁੱਕੀ, 237 ਗ੍ਰਾਮ ਹੈਰੋਇਨ ਅਤੇ 4.7 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 01 ਅਪ੍ਰੈਲ, 2017 ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਕੋਲੋਂ 1760 ਕਿਲੋ ਹੈਰੋਇਨ, 25 ਕਿਲੋ ਸਮੈਕ ਅਤੇ 1794 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 163 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ 31 ਜਨਵਰੀ, 2020 ਨੂੰ ਅੰਮਿ੍ਰਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਕਿਰਾਏ ਦੇ ਮਕਾਨ ਵਿੱਚ ਚੱਲ ਰਹੀ ਨਜਾਇਜ਼ ਡਰੱਗ ਫੈਕਟਰੀ ’ਚੋਂ 197 ਕਿਲੋ ਹੈਰੋਇਨ ਅਤੇ ਹੋਰ ਗੈਰ ਕਾਨੂੰਨੀ ਸਮੱਗਰੀ ਬਰਾਮਦ ਕੀਤੀ ਅਤੇ ਇੱਕ ਅਫਗਾਨਿਸਤਾਨ ਦੇ ਨਾਗਰਿਕ ਤੇ ਇੱਕ ਔਰਤ ਸਮੇਤ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ।
————
