
ਚੰਡੀਗੜ੍ਹ, 16 ਜੂਨ:(ਸਾਰਾ ਯਹਾਂ/ਬਿਊਰੋ ਨਿਊਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਨਸ਼ਾ ਤਸਕਰਾਂ ‘ਤੇ ਨਕੇਲ ਕਸੀ ਜਾ ਰਹੀ ਹੈ ਉਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਗੰਭੀਰ ਸਮੱਸਿਆ ਵਿਰੁੱਧ ਲੜਾਈ ਦੌਰਾਨ ਆਮ ਲੋਕਾਂ ਵਿੱਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਵਾਸਤੇ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਨਸ਼ਿਆਂ ਵਿਰੁੱਧ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ (ਸੀਪੀਜ਼/ਐਸਐਸਪੀਜ਼) ਆਪੋ-ਆਪਣੇ ਜ਼ਿਲ੍ਹਿਆਂ ‘ਚ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਨਗੇ ਤਾਂ ਜੋ ਆਮ ਲੋਕਾਂ, ਨੌਜਵਾਨਾਂ, ਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼), ਕਲੱਬਾਂ ਆਦਿ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਕੇ ਇਸ ਲੜਾਈ ਦਾ ਹਿੱਸਾ ਬਣਾਇਆ ਜਾ ਸਕੇ।
ਇਸ ਮੁਹਿੰਮ ਦੌਰਾਨ ਬਾਸਕਟਬਾਲ ਟੂਰਨਾਮੈਂਟ, ਕਬੱਡੀ, ਕ੍ਰਿਕਟ ਮੈਚ, ਵਾਲੀਬਾਲ, ਫੁੱਟਬਾਲ, ਸਾਈਕਲੋਥਨ, ਜਾਗਰੂਕਤਾ ਕੈਂਪ, ਨਾਟਕ, ਨੁੱਕੜ ਨਾਟਕ, ਮੈਰਾਥਨ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਇਸ ਮੁਹਿੰਮ ਦੀ ਸ਼ੁਰੂਆਤ ਫਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਬੀਤੇ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਰਵਾਏ ਗਏ “ਫਤਹਿ ਕੱਪ- ਸੰਮਲਿਤ ਅਤੇ ਉਤਸ਼ਾਹੀ ਬਾਸਕਟਬਾਲ ਈਵੈਂਟ” ਨਾਲ ਹੋਈ।
ਇਸ ਸਮਾਗਮ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕਰਾਰ ਦਿੰਦਿਆਂ ਫਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮਾਜ, ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਜੋੜ ਕੇ ਉਹਨਾਂ ਦੇ ਜੀਵਨ ਅਨੁਸ਼ਾਸਨ ਅਤੇ ਸਿਹਤਮੰਦ ਜੀਵਨ, ਟੀਮ ਵਰਕ ‘ਤੇ ਜ਼ੋਰ ਦਿੱਤਾ ਗਿਆ।
ਇਸ ਈਵੈਂਟ ਵਿੱਚ ਸੁਚੱਜੀ ਸਮਾਂ-ਸਾਰਣੀ ਰਾਹੀਂ 17 ਟੀਮਾਂ ਵੱਲੋਂ ਕੁੱਲ 16 ਮੈਚ ਖੇਡੇ ਗਏ ਜਿਸ ਵਿੱਚ ਅੰਡਰ-14 ਲੜਕਿਆਂ ਦੀਆਂ ਚਾਰ ਟੀਮਾਂ, ਅੰਡਰ-17 ਲੜਕਿਆਂ ਦੀਆਂ ਪੰਜ ਟੀਮਾਂ, ਅੰਡਰ-17 ਲੜਕੀਆਂ ਦੀਆਂ ਚਾਰ ਟੀਮਾਂ ਅਤੇ ਸੀਨੀਅਰ ਪੁਰਸ਼ ਵਰਗ ਦੀਆਂ ਚਾਰ ਟੀਮਾਂ ਸ਼ਾਮਲ ਸਨ।
ਡਾ. ਰਵਜੋਤ ਨੇ ਕਿਹਾ ਕਿ ਫਤਿਹ ਕੱਪ ਨੇ ਨਾ ਸਿਰਫ਼ ਮੁਕਾਬਲੇ ਦੇ ਪਲੇਟਫਾਰਮ ਵਜੋਂ ਕੰਮ ਕੀਤਾ ਹੈ ਸਗੋਂ ਇਹ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਅਹਿਮ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਆਪਣੇ ਭਾਈਚਾਰੇ ਦੀ ਭਲਾਈ ਪ੍ਰਤੀ ਆਪਣੇ ਸਮਰਪਣ ਨੂੰ ਹੋਰ ਮਜ਼ਬੂਤ ਕੀਤਾ ਹੈ।
ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਐਸਐਸਪੀ ਨੇ ਕਿਹਾ ਕਿ ਇਸ ਈਵੈਂਟ ਦੌਰਾਨ ਸਮੁੱਚੀ ਭਾਗੀਦਾਰੀ ਅਤੇ ਸਮਰਥਨ ਨਸ਼ਿਆਂ ਦੇ ਖਾਤਮੇ ਅਤੇ ਤੰਦਰੁਸਤੀ ਤੇ ਜੋਸ਼ੀਲੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ।
