*ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ*

0
44

ਚੰਡੀਗੜ੍ਹ/ਐਸ.ਏ.ਐਸ. ਨਗਰ, 25 ਜੂਨ: (ਸਾਰਾ ਯਹਾਂ/ਹਿਤੇਸ਼ ਸ਼ਰਮਾ)

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਹੇਠ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਟੀ.ਡੀ.ਆਈ. ਵੈਲਿੰਗਟਨ ਸਿਟੀ, ਸੈਕਟਰ-117, ਮੋਹਾਲੀ ਤੋਂ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਬਰੀ ਵਸੂਲੀ ਕਰਨ ਵਾਲਾ ਇਹ ਗਿਰੋਹ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਰਗਰਮ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਕੁਮਾਰ (19) ਵਾਸੀ ਮਲੋਆ ਚੰਡੀਗੜ੍ਹ ਵਜੋਂ ਹੋਈ ਹੈ ਜੋ ਸਥਾਨਕ ਸੈਲੂਨ ਵਿੱਚ ਕੰਮ ਕਰਦਾ ਸੀ। ਪੁਲੀਸ ਟੀਮਾਂ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਏਆਈਜੀ ਐਸਐਸਓਸੀ ਐਸਏਐਸ ਮੋਹਾਲੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਧਮਕੀ ਭਰੀਆਂ ਫੋਨ ਕਾਲਾਂ ਸਬੰਧੀ ਕਈ ਰਿਪੋਰਟਾਂ ਮਿਲਣ ਉਪਰੰਤ, ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਉਪਰੰਤ, ਪੁਲਿਸ ਟੀਮਾਂ ਨੂੰ ਮੁੱਖ ਸ਼ੱਕੀ ਵਜੋਂ ਵਿਸ਼ਾਲ ਕੁਮਾਰ ਅਤੇ ਪਿੰਡ ਘੰਗਰੋਲੀ, ਸਮਾਣਾ, ਪਟਿਆਲਾ ਦੇ ਵਾਸੀ ਉਸ ਦੇ ਸਾਥੀ ਕਸ਼ਮੀਰ ਸਿੰਘ ਉਰਫ਼ ਬੌਬੀ ਦੀ ਪਛਾਣ ਕਰਨ ਵਿੱਚ ਸਫ਼ਲਤਾ ਮਿਲੀ।
ਉਨ੍ਹਾਂ ਦੱਸਿਆ ਕਿ ਭਰੋਸੇਮੰਦ ਜਾਣਕਾਰੀ ਉਪਰੰਤ, ਐਸਐਸਓਸੀ ਦੀਆਂ ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਸੰਭਾਵਿਤ ਛੁਪਣਗਾਹਾਂ ‘ਤੇ ਛਾਪੇਮਾਰੀ ਕੀਤੀ ਅਤੇ ਟੀਡੀਆਈ ਵੈਲਿੰਗਟਨ ਸਿਟੀ ਤੋਂ ਵਿਸ਼ਾਲ ਕੁਮਾਰ ਨੂੰ, ਜਦੋਂ ਉਹ ਕਸ਼ਮੀਰ ਸਿੰਘ ਉਰਫ਼ ਬੌਬੀ ਨੂੰ ਮਿਲਣ ਜਾ ਰਿਹਾ ਸੀ, ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਅਤੇ ਪੁਲਿਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਏ.ਆਈ.ਜੀ. ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਚੰਡੀਗੜ੍ਹ, ਮੋਹਾਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਨਾਈਟ ਕਲੱਬਾਂ ਅਤੇ ਬਾਰਾਂ ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਫੋਨ ਕਰ ਕੇ ਫਿਰੌਤੀ ਮੰਗਦਾ ਸੀ ਅਤੇ ਧਮਕੀਆਂ ਦਿੰਦਾ ਸੀ, ਜਦੋਂਕਿ ਵਿਸ਼ਾਲ ਇਨ੍ਹਾਂ ਵਿਅਕਤੀਆਂ ਤੋਂ ਫਿਰੌਤੀ ਦੀ ਰਕਮ ਵਸੂਲਣ ਲਈ ਉਨ੍ਹਾਂ ਨੂੰ ਡਰਾਉਂਦਾ ਧਮਕਾਉਂਦਾ ਸੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਸ਼ਾਲ ਕੁਮਾਰ ਅਤੇ ਕਸ਼ਮੀਰ ਉਰਫ਼ ਬੌਬੀ ਨੇ “ਸਕੱਲ” ਕਲੱਬ, ਮੋਹਾਲੀ ਦੇ ਮਾਲਕ ਤੋਂ ਪੈਸੇ ਵਸੂਲ ਕਰਨ ਲਈ 11 ਮਈ, 2023 ਨੂੰ ਉਸਦੇ ਘਰ ‘ਤੇ ਹਮਲਾ ਵੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਐਫ.ਆਈ.ਆਰ ਨੰ. 10 ਮਿਤੀ 24-06-2023 ਨੂੰ ਥਾਣਾ ਐਸ.ਐਸ.ਓ.ਸੀ. ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here