
(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਪੁਲਿਸ ਮੁੜ ਹਾਈ ਅਲਰਟ ‘ਤੇ ਹੈ। ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਛੁੱਟੀ ਲਈ ਅਰਜ਼ੀ ਦਿੱਤੀ ਹੈ ਜਾਂ ਜਿਨ੍ਹਾਂ ਨੇ ਛੁੱਟੀ ਲਈ ਹੋਈ ਹੈ, ਉਹ ਸਭ ਰੱਦ ਕੀਤੇ ਜਾਂਦੇ ਹਨ।
ਬੇਸ਼ੱਕ ਇਸ ਬਾਰੇ ਕਈ ਤਰ੍ਹਾਂ ਦੀ ਚਰਚਾ ਹੈ ਪਰ ਪੁਲਿਸ ਸੂਤਰਾਂ ਮੁਤਾਬਕ ਵਿਸਾਖੀ ਤੱਕ ਸੂਬੇ ਵਿੱਚ ਪੁਲਿਸ ਪੂਰੀ ਤਰ੍ਹਾਂ ਅਲਰਟ ਰਹੇਗੀ। ਉਂਝ ਪੁਲਿਸ ਦੀ ਇਸ ਚੌਕਸੀ ਨੂੰ ਪੰਜਾਬ ਵਿੱਚ ਵਿਸਾਖੀ ਤੇ ਅਪਰੇਸ਼ਨ ਅੰਮ੍ਰਿਤਪਾਲ ਨਾਲ ਜੋੜਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤਾਂ ਨੂੰ ਵਿਸਾਖੀ ਮੌਕੇ ਤਲਵੰਡੀ ਸਾਬੋ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਬੇਸ਼ੱਕ ਇਹ ਸੱਦਾ ਗੁਰਮਤਿ ਸਮਾਗਮ ਵਿੱਚ ਪਹੁੰਚਣ ਦਾ ਦਿੱਤਾ ਗਿਆ ਹੈ ਪਰ ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਇੱਥੋਂ ਕੋਈ ਵੱਡਾ ਐਲਾਨ ਹੋ ਸਕਦਾ ਹੈ। ਇਹ ਵੀ ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਵਿਸਾਖੀ ਮੌਕੇ ਆਤਮ ਸਮਰਪਣ ਕਰ ਸਕਦਾ ਹੈ। ਇਸ ਕਾਰਨ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ।
ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਰੱਦ?
ਉਧਰ, ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਪੀਲ ਉੱਪਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬੱਤ ਖਾਲਸਾ ਬੁਲਾਉਣ ਬਾਰੇ ਖਾਮੋਸ਼ ਹਨ। ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਹੈ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਬਾਰੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਨਹੀਂ ਬੁਲਾਇਆ ਜਾਏਗਾ।
ਸਰਬੱਤ ਖਾਲਸਾ ਬੁਲਾਉਣ ਦੀ ਉਮੀਦ ਇਸ ਲਈ ਵੀ ਮੱਧਮ ਪੈ ਗਈ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਤੋਂ 13 ਅਪਰੈਲ ਤੱਕ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਜਥੇਦਾਰ ਵੱਲੋਂ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਮੌਕੇ ਸਰਬੱਤ ਖਾਲਸਾ ਸੱਦਣ ਦੀ ਸੰਭਾਵਨਾ ਲਗਪਗ ਖਤਮ ਹੋ ਗਈ ਹੈ।
