
ਚੰਡੀਗੜ੍ਹ, 16 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਹਥਿਆਰਬੰਦ ਵਿੰਗ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਆਰਮਡ ਪੁਲਿਸ ਕੇਡਰ ਦੇ 60 ਸਬ-ਇੰਸਪੈਕਟਰਾਂ ਦੀ ਇੱਕ ਹੋਰ ਟੁਕੜੀ ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ। 60 ਪੁਲਿਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਪੰਜਾਬ ਪੁਲਿਸ ਦੇ ਸਾਰੇ ਆਰਮਡ ਵਿੰਗਾਂ ਵਿੱਚ ਇੰਸਪੈਕਟਰ ਰੈਂਕ ਦੀਆਂ ਲਗਭਗ ਸਾਰੀਆਂ ਅਸਾਮੀਆਂ ਭਰ ਗਈਆਂ ਹਨ।
ਇਹ ਪਦਉੱਨਤੀਆਂ ਪੰਜਾਬ ਪੁਲਿਸ ਵੱਲੋਂ 101 ਸਬ-ਇੰਸਪੈਕਟਰਾਂ, ਜਿਨ੍ਹਾਂ ਵਿੱਚ 95 ਮਹਿਲਾ ਕਰਮਚਾਰੀ ਵੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦੇਣ ਤੋਂ ਇੱਕ ਹਫ਼ਤੇ ਬਾਅਦ ਕੀਤੀਆਂ ਗਈਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਪਦਉੱਨਤ ਹੋਣ ਵਾਲੇ ਕਰਮਚਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੇ ਸਾਥੀ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀ ਦੇਣਾ ਮੇਰੀ ਪ੍ਰਮੁੱਖ ਤਰਜੀਹ ਹੈ, ਜਿਸ ਨਾਲ ਨਾ ਸਿਰਫ ਫੋਰਸ ਦਾ ਮਨੋਬਲ ਵਧੇਗਾ ਬਲਕਿ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਵਿੱਚ ਸੁਪਰਵਾਈਜ਼ਰੀ ਪੱਧਰ ‘ਤੇ ਸਟਾਫ ਦੀ ਕਮੀ ਨੂੰ ਵੀ ਦੂਰ ਹੋਵੇਗੀ।
ਉਨ੍ਹਾਂ ਨੇ ਪਦਉੱਨਤ ਹੋਏ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।
ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਿਸ ਅਧਿਕਾਰੀ ਦਾ ਹੱਕ ਦੱਸਦਿਆਂ ਡੀਜੀਪੀ ਨੇ ਸਮੁੱਚੀ ਪੁਲਿਸ ਫੋਰਸ ਨੂੰ ਜਲਦੀ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ ‘ਤੇ ਸਾਰੀਆਂ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।
——–
